Bondi Beach ’ਚ ਗੋਲੀਬਾਰੀ : ਇੱਕ ਦਹਿਸ਼ਤ ਭਰੀ ਸ਼ਾਮ ਅਤੇ ਇੱਕ ਆਮ ਆਦਮੀ ਦੀ ਅਸਾਧਾਰਣ ਹਿੰਮਤ

ਸਿਡਨੀ : ਆਸਟ੍ਰੇਲੀਆ ਦੇ ਮਸ਼ਹੂਰ Bondi Beach ’ਤੇ ਐਤਵਾਰ, 14 ਦਸੰਬਰ ਦੀ ਸ਼ਾਮ ਉਸ ਵਕਤ ਅਫ਼ਰਾ-ਤਫ਼ਰੀ ’ਚ ਬਦਲ ਗਈ, ਜਦੋਂ ਸਮੁੰਦਰ ਕਿਨਾਰੇ ਭੀੜ ਭਰਪੂਰ ਇਲਾਕੇ ’ਚ ਅਚਾਨਕ ਗੋਲੀਆਂ ਚੱਲਣ ਲੱਗੀਆਂ।

ਘਟਨਾ ਦੀ ਸ਼ੁਰੂਆਤ

ਸਿਡਨੀ ਸਮੇਂ ਮੁਤਾਬਕ ਕਰੀਬ 6:40 ਵਜੇ ਸ਼ਾਮ ਦੇ ਆਸ-ਪਾਸ, ਉਸ ਇਲਾਕੇ ’ਚ ਗੋਲੀਬਾਰੀ ਦੀ ਸੂਚਨਾ ਮਿਲੀ ਜਿੱਥੇ Hanukkah by the Sea ਨਾਮਕ ਸਮਾਗਮ ਚੱਲ ਰਿਹਾ ਸੀ। ਸਮੁੰਦਰ ਕਿਨਾਰੇ ਪਰਿਵਾਰ, ਬੱਚੇ ਅਤੇ ਸੈਲਾਨੀ ਮੌਜੂਦ ਸਨ। ਚਸ਼ਮਦੀਦਾਂ ਅਨੁਸਾਰ, ਦੋ ਹਥਿਆਰਬੰਦ ਵਿਅਕਤੀ ਇੱਕ ਉੱਚੀ ਜਗ੍ਹਾ — footbridge ਦੇ ਨੇੜੇ — ਤੋਂ ਭੀੜ ਵੱਲ ਫਾਇਰ ਕਰ ਰਹੇ ਸਨ। ਕੁਝ ਪਲਾਂ ’ਚ ਹੀ beach side ’ਤੇ ਦਹਿਸ਼ਤ ਫੈਲ ਗਈ। ਲੋਕ ਜਾਨ ਬਚਾਉਣ ਲਈ ਦੌੜੇ, ਕੁਝ ਰੇਤ ’ਚ ਲੇਟ ਗਏ, ਤਾਂ ਕੁਝ ਨੇ ਨੇੜਲੇ ਕੈਫ਼ੇ ਅਤੇ ਇਮਾਰਤਾਂ ’ਚ ਸ਼ਰਣ ਲਈ।

ਐਮਰਜੈਂਸੀ ਰਿਸਪਾਂਸ

NSW Police, paramedics ਅਤੇ special units ਕੁਝ ਮਿੰਟਾਂ ’ਚ ਮੌਕੇ ’ਤੇ ਪਹੁੰਚ ਗਈਆਂ। ਐਂਬੂਲੈਂਸਾਂ ਦੀਆਂ ਸਾਇਰਨਾਂ ਅਤੇ ਪੁਲਿਸ ਹੈਲੀਕਾਪਟਰ ਨੇ ਇਲਾਕੇ ਨੂੰ ਘੇਰ ਲਿਆ। Bondi Beach ਨੂੰ ਤੁਰੰਤ lockdown ਕਰ ਦਿੱਤਾ ਗਿਆ।

ਇੱਕ ਆਮ ਆਦਮੀ ਬਣਿਆ ਹੀਰੋ

Ahmed al Ahmed

ਇਸ ਦਹਿਸ਼ਤ ਭਰੇ ਮਾਹੌਲ ’ਚ, ਇੱਕ ਆਮ ਨਾਗਰਿਕ Ahmed al Ahmed ਨੇ ਉਹ ਕੰਮ ਕਰ ਦਿਖਾਇਆ ਜੋ ਬਹੁਤੇ ਲੋਕ ਸੋਚ ਵੀ ਨਹੀਂ ਸਕਦੇ। ਚਸ਼ਮਦੀਦਾਂ ਅਤੇ ਵੀਡੀਓ ਫੁਟੇਜ ਮੁਤਾਬਕ, Ahmed ਨੇ ਇੱਕ gunman ਨੂੰ ਬੜੀ ਫੁਰਤੀ ਨਾਲ ਪਿੱਛੋਂ ਜਾ ਕੇ ਫੜ ਲਿਆ। ਹੱਥੋਂ-ਹੱਥ ਹੋਈ ਜੱਫੀ-ਝੱਪੀ ਦੌਰਾਨ ਉਸ ਨੇ ਹਮਲਾਵਰ ਦੇ ਹੱਥੋਂ ਲੰਮੀ ਬੰਦੂਕ ਖੋਹ ਲਈ। ਇਸ ਕਾਰਵਾਈ ਨਾਲ ਭੀੜ ਨੂੰ ਭੱਜਣ ਲਈ ਕੀਮਤੀ ਸਕਿੰਟ ਮਿਲੇ — ਅਤੇ ਕਈ ਜ਼ਿੰਦਗੀਆਂ ਬਚ ਗਈਆਂ। Ahmed ਨੂੰ ਇਸ ਦੌਰਾਨ ਗੋਲੀਆਂ ਦੇ ਜ਼ਖ਼ਮ ਵੀ ਲੱਗੇ। Ahmed al Ahmed ਇਸ ਸਮੇਂ ਸਿਡਨੀ ਦੇ ਹਸਪਤਾਲ ’ਚ ਦਾਖ਼ਲ ਹੈ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਸਥਿਰ ਹੈ ਅਤੇ ਉਹ ਇਲਾਜ ਅਧੀਨ ਹੈ। ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨੇ ਉਸ ਦੀ ਹਿੰਮਤ ਨੂੰ “extraordinary bravery” ਕਰਾਰ ਦਿੱਤਾ ਹੈ। Ahmed ਇੱਕ ਫਲਾਂ ਦੀ ਦੁਕਾਨ ਚਲਾਉਂਦਾ ਹੈ ਅਤੇ ਦੋ ਬੱਚਿਆਂ ਦਾ ਪਿਤਾ ਹੈ। ਉਸ ਦੇ ਇਲਾਜ ਲਈ ਲੋਕਾਂ ਨੇ gofundme ’ਤੇ ਲੋਕਾਂ ਨੇ ਭਰਵੀਂ ਮਦਦ ਕੀਤੀ ਹੈ। ਅਮਰੀਕੀ ਅਰਬਪਤੀ Bill Ackman ਨੇ 99,000 ਡਾਲਰ ਦਾਨ ਕੀਤੇ ਹਨ।

Fundraiser by CarHubAustralia Car Hub Australia : Support the Hero Who Disarmed a Bondi Attacker

ਹਮਲਾਵਰ ਕੌਣ ਸਨ?

ਪੁਲਿਸ ਜਾਂਚ ਮੁਤਾਬਕ, ਗੋਲੀਬਾਰੀ ਕਰਨ ਵਾਲੇ ਦੋਵੇਂ ਵਿਅਕਤੀ ਪਿਓ–ਪੁੱਤਰ ਸਨ। ਪਿਓ ਮੌਕੇ ’ਤੇ ਪੁਲਿਸ ਕਾਰਵਾਈ ਦੌਰਾਨ ਮਾਰਿਆ ਗਿਆ। ਪੁੱਤਰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਪੁਲਿਸ ਨਿਗਰਾਨੀ ਹੇਠ ਹੈ। ਹਮਲਾਵਰ ਸਿਡਨੀ ਦੇ ਸਬਅਰਬ Bonnyrigg ’ਚ ਰਹਿੰਦੇ ਸਨ ਜਿੱਥੇ ਪੁਲਿਸ ਨੇ ਬਾਅਦ ’ਚ ਛਾਪੇਮਾਰੀ ਕੀਤੀ।

ਨੁਕਸਾਨ ਦਾ ਅੰਕੜਾ

ਘਟਨਾ ’ਚ ਘੱਟੋ-ਘੱਟ 15 ਨਿਰਦੋਸ਼ ਲੋਕਾਂ ਦੀ ਮੌਤ ਹੋਈ, ਜਦਕਿ ਇੱਕ ਹਮਲਾਵਰ ਦੀ ਮੌਤ ਨਾਲ ਕੁੱਲ ਮਰਨ ਵਾਲਿਆਂ ਦੀ ਗਿਣਤੀ 16 ਦੱਸੀ ਗਈ। 40 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ’ਚ ਬੱਚੇ ਅਤੇ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ।

ਅੰਤਿਮ ਸਥਿਤੀ

Bondi Beach ਹਮਲੇ ਨੇ ਆਸਟ੍ਰੇਲੀਆ ’ਚ ਜਨਤਕ ਸੁਰੱਖਿਆ ਅਤੇ ਨਫ਼ਰਤ-ਅਧਾਰਿਤ ਹਿੰਸਾ ’ਤੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ। ਪੁਲਿਸ ਨੇ ਇਸ ਖ਼ੂਨ-ਖਰਾਬੇ ਨੂੰ ਅਤਿਵਾਦ ਦੀ ਘਟਨਾ ਦੱਸਿਆ ਹੈ। ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਇਸ ਦਹਿਸ਼ਤ ਭਰੇ ਦਿਨ ’ਚ, Ahmed al Ahmed ਦੀ ਹਿੰਮਤ ਨੇ ਇਹ ਯਾਦ ਦਿਵਾਇਆ ਕਿ ਕਈ ਵਾਰ ਇਤਿਹਾਸ ਆਮ ਲੋਕਾਂ ਦੇ ਅਸਧਾਰਣ ਕਦਮਾਂ ਨਾਲ ਲਿਖਿਆ ਜਾਂਦਾ ਹੈ।

PM Anthony Albanese ਨੇ ਸੋਮਵਾਰ ਸਵੇਰੇ Bondi Beach ’ਤੇ ਜਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਕ ਸੋਸ਼ਲ ਮੀਡੀਆ ਸੰਦੇਸ਼ ਵਿੱਚ ਉਨ੍ਹਾਂ ਕਿਹਾ, ‘‘ਕਲ ਸਾਡੇ ਦੇਸ਼ ਦੇ ਇਤਿਹਾਸ ’ਚ ਕਾਲਾ ਦਿਨ ਸੀ। ਪਰ ਅਸੀਂ ਉਨ੍ਹਾਂ ਡਰਪੋਕ ਲੋਕਾਂ ਤੋਂ ਮਜ਼ਬੂਤ ਹਾਂ ਜਿਨ੍ਹਾਂ ਨੇ ਇਹ ਕੀਤਾ। ਅਸੀਂ ਉਨ੍ਹਾਂ ਵੱਲੋਂ ਖ਼ੁਦ ਨੂੰ ਵੰਡਣ ਨਹੀਂ ਦੇਵਾਂਗੇ। ਆਸਟ੍ਰੇਲੀਆ ਕਦੇ ਵੀ ਵੰਡੀਆਂ, ਹਿੰਸਾ ਜਾਂ ਨਫ਼ਰਤ ਅੱਗੇ ਗੋਡੇ ਨਹੀਂ ਟੇਕੇਗਾ – ਅਤੇ ਅਸੀਂ ਮਿਲ ਕੇ ਇਸ ਤੋਂ ਪਾਰ ਪਾ ਲਵਾਂਗੇ।’’

ਅਤਿਵਾਦੀ ਹਮਲੇ ਦੀ ਨਿੰਦਾ ਕਰਦਿਆਂ ਵਿਰੋਧੀ ਧਿਰ ਦੀ ਨੇਤਾ Sussan Ley ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ antisemitism ਨੂੰ ਭੜਕਣ ਦੀ ਇਜਾਜ਼ਤ ਦਿੱਤੀ ਹੈ। ਵਿਰੋਧੀ ਧਿਰ Coalition ਨੇ Bondi ਕਤਲੇਆਮ ਦਾ ਤੁਰੰਤ ਜਵਾਬ ਦੇਣ ਵਾਲਾ ਕਾਨੂੰਨ ਪਾਸ ਕਰਨ ਲਈ ਗਰਮੀਆਂ ਵਿੱਚ ਪਾਰਲੀਮੈਂਟ ਨੂੰ ਵਾਪਸ ਬੁਲਾਉਣ ਲਈ ਆਪਣਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ। Sussan Ley ਨੇ ਸਰਕਾਰ ਤੋਂ ਜੁਲਾਈ ਵਿੱਚ ਸੌਂਪੀ ਗਈ ਇੱਕ ਵਿਰੋਧੀ ਯੋਜਨਾ ‘ਤੇ “ਤੁਰੰਤ” ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਵਿਸ਼ਵ ਭਰ ਦੇ ਆਗੂਆਂ ਨੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਨੇ X ’ਤੇ ਪਾਈ ਇੱਕ ਪੋਸਟ ’ਚ ਕਿਹਾ, ‘‘ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਸਤਾਂ ਤੋਂ ਵੀ ਵੱਧ ਹਨ, ਅਸੀਂ ਇੱਕ ਪਰਿਵਾਰ ਹਾਂ। Bondi ਦੀ ਨਿਰਾਸ਼ਾਜਨਕ ਘਟਨਾ ਤੋਂ ਮੈਂ ਸਦਮੇ ’ਚ ਹਾਂ, ਇਸ ਥਾਂ ’ਤੇ ਨਿਊਜ਼ੀਲੈਂਡ ਦੇ ਲੋਕ ਰੋਜ਼ ਜਾਂਦੇ ਹਨ। ਮੇਰੀਆਂ ਅਤੇ ਸਾਰੇ ਨਿਊਜ਼ੀਲੈਂਡ ਵਾਸੀਆਂ ਦੀਆਂ ਸੰਵੇਦਨਾਵਾਂ ਹਮਲੇ ’ਚ ਪ੍ਰਭਾਵਤ ਸਾਰੇ ਲੋਕਾਂ ਨਾਲ ਹਨ।’’

ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ Bondi Beach ’ਤੇ ਹਮਲੇ ਦੀ ਨਿੰਦਾ ਕੀਤੀ ਅਤੇ ਪੀੜਤਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, ‘‘ਆਸਟ੍ਰੇਲੀਆ ਦੇ Bondi Beach ’ਤੇ ਹੋਏ ਭਿਆਨਕ ਅਤਿਵਾਦੀ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ, ਜਿਸ ਵਿੱਚ ਯਹੂਦੀ ਤਿਉਹਾਰ ਹਨੁਕਾ ਦਾ ਪਹਿਲਾ ਦਿਨ ਮਨਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇੰਡੀਆ ਦੇ ਲੋਕਾਂ ਦੀ ਤਰਫੋਂ, ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਦਿਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਦੁਖ ਦੀ ਇਸ ਘੜੀ ਵਿੱਚ ਅਸੀਂ ਆਸਟ੍ਰੇਲੀਆ ਦੇ ਲੋਕਾਂ ਦੇ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ। ਭਾਰਤ ਵਿੱਚ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਅਤੇ ਅਤਿਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਵਿਰੁੱਧ ਲੜਾਈ ਦਾ ਸਮਰਥਨ ਕਰਦਾ ਹੈ।’’

ਆਸਟ੍ਰੇਲੀਅਨ ਨੈਸ਼ਨਲ ਇਮਾਮ ਕੌਂਸਲ ਨੇ Bondi Beach ਹਮਲੇ ਦੇ ਪ੍ਰਭਾਵਤ ਸਾਰੇ ਲੋਕਾਂ ਨਾਲ ਇੱਕਜੁਟਤਾ ਪ੍ਰਗਟਾਈ ਹੈ। ਕੌਸਲ ਨੇ ਸੋਸ਼ਲ ਮੀਡਆ ’ਤੇ ਜਾਰੀ ਇੱਕ ਬਿਆਨ ਵਿੱਚ ਕਿਹਾ, ‘‘ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਯਹੂਦੀ ਭਾਈਚਾਰੇ ਨੂੰ ਆਪਣਾ ਸਮਰਥਨ ਅਤੇ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਹਾਲਾਂਕਿ ਇਸ ਹਮਲੇ ਨੇ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ, ਪਰ ਅਸਲ ਵਿੱਚ ਇਹ ਮੁਸਲਿਮ ਭਾਈਚਾਰੇ ਸਮੇਤ ਸਾਡੇ ਸਾਰਿਆਂ ‘ਤੇ ਹਮਲਾ ਹੈ। ਇਹ ਹਿੰਸਕ ਅੱਤਵਾਦੀ ਕਾਰਵਾਈ ਸਾਰੇ ਆਸਟ੍ਰੇਲੀਅਨ ਲੋਕਾਂ ‘ਤੇ ਹਮਲਾ ਹੈ। ਸਾਡੇ ਸਮਾਜ ਵਿੱਚ ਹਿੰਸਾ ਅਤੇ ਅੱਤਵਾਦ ਦੀ ਕੋਈ ਥਾਂ ਨਹੀਂ ਹੈ, ਅਤੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸਾਡੇ ਰਾਸ਼ਟਰ ਦੀ ਸੁਰੱਖਿਆ, ਮਾਣ ਅਤੇ ਏਕਤਾ ਨੂੰ ਕਮਜ਼ੋਰ ਕਰਦਾ ਹੈ।’’