ਮੈਲਬਰਨ : ਨਿਊਜ਼ੀਲੈਂਡ ਵਿੱਚ ਸਿੱਖਾਂ ਦਾ ਮਾਣ ਉਦੋਂ ਹੋਰ ਵਧ ਗਿਆ ਜਦੋਂ ਸਿੱਖੀ ਸਰੂਪ ਅਪਣਾਉਣ ਵਾਲੇ ਲੂਈ ਸਿੰਘ ਖਾਲਸਾ ਨੇ ਦੇਸ਼ ਦਾ Top Soldier award ਜਿੱਤਿਆ। ਕਰਾਇਸਟਚਰਚ ਵਾਸੀ ਲੂਈ ਸਿੰਘ ਖਾਲਸਾ 2020 ’ਚ ਨਿਊਜ਼ੀਲੈਂਡ ਦੀ ਫ਼ੌਜ ’ਚ ਸ਼ਾਮਲ ਹੋਏ ਸਨ। Christchurch ਵਾਸੀ ਲੂਈ ਸਿੰਘ ਖਾਲਸਾ ਸਿੱਖ ਧਰਮ ਨਾਲ ਆਪਣੇ ਇੱਕ ਸਕੂਲ ਦੇ ਦੋਸਤ ਰਾਹੀਂ ਜੁੜੇ ਸਨ। 2015 ’ਚ ਉਹ ਆਪਣੇ ਦੋਸਤ ਤੇਜਿੰਦਰ ਸਿੰਘ ਦੇ ਘਰ ਗਏ ਅਤੇ ਸਿੱਖ ਧਰਮ ਬਾਰੇ ਪੁੱਛਿਆ ਤਾਂ ਤੇਜਿੰਦਰ ਨੇ ਉਨ੍ਹਾਂ ਨੂੰ ਗੁਰਦੁਆਰੇ ਜਾਣ ਲਈ ਕਿਹਾ। ਜਦੋਂ ਲੂਈ ਸਿੰਘ ਖਾਲਸਾ ਗੁਰਦੁਆਰੇ ਗਏ ਤਾਂ ਉਨ੍ਹਾਂ ਉੱਥੇ ਵੱਖਰੀ ਤਰ੍ਹਾਂ ਦੀ ਸ਼ਾਂਤੀ ਮਿਲੀ। ਫਿਰ ਉਹ ਹਰ ਹਫ਼ਤੇ ਗੁਰਦੁਆਰੇ ਜਾਣ ਲੱਗੇ ਅਤੇ ਜੂਨ 2018 ’ਚ ਪੰਜਾਬ ਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ’ਚ ਅੰਮ੍ਰਿਤ ਛਕਿਆ। ਸਿੱਖੀ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਏ ਲੂਈ ਸਿੰਘ ਖਾਲਸਾ ਨੇ ਪੰਜਾਬੀ ਬੋਲਣੀ ਵੀ ਸਿੱਖੀ ਅਤੇ ਦੋ ਸਾਲ ਪਹਿਲਾਂ ਹੀ ਪੰਜਾਬੀ ਮੂਲ ਦੀ ਸ਼ਰਨਜੀਤ ਕੌਰ ਨਾਲ ਵਿਆਹ ਕਰਵਾਇਆ। ਉਨ੍ਹਾਂ ਦਾ ਇੱਕ ਪੁੱਤਰ ਵੀ ਹੈ। ਸੰਤ ਸਿਪਾਹੀ ਦੇ ਸੰਕਲਪ ’ਤੇ ਤੁਰਦਿਆਂ ਲੂਈ ਸਿੰਘ ਖਾਲਸਾ ਰਸਭਿੰਨਾ ਕੀਰਤਨ ਵੀ ਕਰਦੇ ਹਨ। ਲੂਈ ਸਿੰਘ ਖਾਲਸਾ ਦੇ ਮਾਤਾ ਇੰਗਲੈਂਡ ਤੋਂ ਅਤੇ ਪਿਤਾ ਨਿਊਜ਼ੀਲੈਂਡ ਤੋਂ ਹਨ। ਉਨ੍ਹਾਂ ਦਾ ਇੱਕ ਵੱਡਾ ਭਰਾ ਅਤੇ ਛੋਟੀ ਭੈਣ ਵੀ ਹੈ।
ਸਿੱਖੀ ਸਰੂਪ ਅਪਣਾਉਣ ਵਾਲੇ ਨਿਊਜ਼ੀਲੈਂਡ ਦੇ ਲੂਈ ਸਿੰਘ ਖਾਲਸਾ ਨੇ ਵਧਾਇਆ ਸਿੱਖਾਂ ਦਾ ਮਾਣ, ਜਿੱਤਿਆ Top Soldier award





