ਆਸਟ੍ਰੇਲੀਅਨ ਸਿਆਸਤਦਾਨਾਂ ਦੇ ਖ਼ਰਚਿਆਂ ’ਤੇ ਚਲ ਵਿਵਾਦ ਵਿਚਕਾਰ PM Albanese ਨੇ ਮੰਗੀ ਸੁਤੰਤਰ ਨਿਗਰਾਨ ਤੋਂ ਸਲਾਹ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਸੁਤੰਤਰ ਨਿਗਰਾਨ IPEA ਨੂੰ ਇਸ ਬਾਰੇ ਸਲਾਹ ਦੇਣ ਲਈ ਕਿਹਾ ਹੈ ਕਿ ਕੀ ਸਿਆਸਤਦਾਨਾਂ ਨੂੰ ਲੋਕਾਂ ਵੱਲੋਂ ਭਰੇ ਟੈਕਸ ਨਾਲ ਐਸ਼ੋ-ਆਰਾਮ ਦੀਆਂ ਵਿੱਤੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਸ ਮਸਲੇ ’ਤੇ ਆਸਟ੍ਰੇਲੀਆ ’ਚ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਭਾਰੀ ਬਹਿਸ ਚਲ ਰਹੀ ਹੈ।

ਬਹਿਸ ਉਨ੍ਹਾਂ ਰਿਪੋਰਟਾਂ ਨਾਲ ਸ਼ੁਰੂ ਹੋਈ ਕਿ ਖੇਡ ਅਤੇ ਸੰਚਾਰ ਮੰਤਰੀ Anika Wells ਨੇ ਨਿਊਯਾਰਕ ਵਿੱਚ ਭਾਸ਼ਣ ਦੇਣ ਲਈ ਆਖਰੀ ਮਿੰਟ ’ਤੇ ਫੜੀ ਫ਼ਲਾਈਟ ’ਤੇ ਲਗਭਗ 100,000 ਡਾਲਰ ਖਰਚ ਕੀਤੇ ਸਨ ਅਤੇ ਉਦੋਂ ਤੋਂ ਸਿਆਸਤਦਾਨਾਂ ਵੱਲੋਂ ਪਰਿਵਾਰਕ ਯਾਤਰਾ ਪ੍ਰਬੰਧਾਂ ਅਤੇ ਟੈਕਸਦਾਤਾਵਾਂ ਵੱਲੋਂ ਫੰਡ ਕੀਤੇ ਡਰਾਈਵਰਾਂ ’ਤੇ ਜ਼ਰੂਰਤ ਤੋਂ ਜ਼ਿਆਦਾ ਖ਼ਰਚ ਕਰਨ ਦੀ ਆਲੋਚਨਾ ਹੋ ਰਹੀ ਹੈ।

PM Albanese ਨੂੰ ਵਧ ਰਹੇ ਹੰਗਾਮੇ ਦਾ ਜਵਾਬ ਦੇਣ ਦੀ ਮੰਗ ਵਧਦੀ ਜਾ ਰਹੀ ਸੀ। ਅੱਜ ਉਨ੍ਹਾਂ ਕਿਹਾ, ‘‘ਮੈਂ ਖ਼ਰਚਿਆਂ ਬਾਰੇ IPEA ਤੋਂ ਸਲਾਹ ਮੰਗੀ ਹੈ। ਜਦੋਂ ਇਹ ਸਲਾਹ ਪ੍ਰਾਪਤ ਹੁੰਦੀ ਹੈ, ਤਾਂ ਅਸੀਂ ਆਮ ਤਰੀਕੇ ਨਾਲ ਫੈਸਲਾ ਲਵਾਂਗੇ।’’ ਇਹ ਪੁੱਛਣ ’ਤੇ ਕਿ ਉਨ੍ਹਾਂ ਨੇ ਕਦੋਂ IPEA ਤੋਂ ਇਹ ਸਲਾਹ ਮੰਗੀ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਨਤਕ ਤੌਰ ’ਤੇ ‘ਕਈ ਪ੍ਰੈਸ ਕਾਨਫਰੰਸਾਂ’ ਵਿੱਚ ਅਜਿਹਾ ਕੀਤਾ ਸੀ।

Anika Wells ਅਤੇ PM Albanese ਦੋਹਾਂ ਨੇ ਵਾਰ-ਵਾਰ ਜ਼ੋਰ ਦਿੱਤਾ ਹੈ ਕਿ ਉਨ੍ਹਾਂ ਦੇ ਸਾਰੇ ਦਾਅਵੇ ਨਿਯਮਾਂ ਅਧੀਨ ਆਉਂਦੇ ਹਨ, ਜਦੋਂ ਕਿ ਕਈ ਹੋਰ ਸਿਆਸਤਦਾਨਾਂ ਵਲੋਂ ਵੀ ਅਜਿਹੇ ਖ਼ਰਚਿਆਂ ’ਤੇ ਸਵਾਲ ਚੁੱਕੇ ਗਏ ਹਨ।

ਹਾਲਾਂਕਿ ਇੱਕ ਦਿਨ ਪਹਿਲਾਂ, ਮਿਸ ਵੇਲਜ਼ ਦੇ ਨਾਲ ਇੱਕ ਮੀਡੀਆ ਕਾਨਫਰੰਸ ਵਿੱਚ, ਪ੍ਰਧਾਨ ਮੰਤਰੀ ਨੇ ਇਸ ਸਵਾਲਾਂ ਨੂੰ ਰੱਦ ਕਰ ਦਿੱਤਾ ਕਿ ਕੀ ਨਿਯਮਾਂ ਦੀ ਸਮੀਖਿਆ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘‘ਇਹ ਨਿਯਮ ਉਦੋਂ ਤੋਂ ਹਨ ਜਦੋਂ ਤੋਂ ਪਿਛਲੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਸਨ।’’

ਵਿਰੋਧੀ ਧਿਰ ਦੀ ਨੇਤਾ Sussan Ley ਨੇ ਵੀ ਵਾਰ-ਵਾਰ ਕਿਹਾ ਹੈ ਕਿ ਉਹ “ਨਿਯਮਾਂ ’ਤੇ ਨਜ਼ਰਸਾਨੀ” ਲਈ ਤਿਆਰ ਹਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਬਾਰੇ ਵਿਚਾਰ-ਵਟਾਂਦਰੇ ਲਈ ਇੱਕ ਮੀਟਿੰਗ ਦੀ ਬੇਨਤੀ ਕੀਤੀ ਹੈ ਕਿ ਸਿਸਟਮ ਵਿੱਚ ਵਿਸ਼ਵਾਸ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ, “ਤਾਂ ਕਿ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ ਜਾ ਸਕੇ।’’