ਮੈਲਬਰਨ : ਆਸਟ੍ਰੇਲੀਆ ’ਚ ਹਿਰਾਸਤ ਹੇਠ ਮੂਲਵਾਸੀਆਂ ਦੀਆਂ ਮੌਤਾਂ ਦੇ ਮਾਮਲੇ ਦੀ ਗਿਣਤੀ ਰਿਕਾਰਡ ਪੱਧਰ ’ਤੇ ਵਧ ਗਈ ਹੈ। 2024-25 ਦੌਰਾਨ ਹਿਰਾਸਤ ’ਚ ਹੋਈਆਂ ਕੁੱਲ 113 ਮੌਤਾਂ ’ਚੋਂ 33 ਮੂਲਵਾਸੀ ਸਨ। ਰਿਕਾਰਡ ਰਖਣਾ ਸ਼ੁਰੂ ਹੋਣ ਦੇ ਸਾਲ 1979-80 ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਅੰਕੜਾ ਹੈ। ਆਜ਼ਾਦ ਸੈਨੇਟਰ Lidia Thorpe ਨੇ ਇਸ ਨੂੰ ਦੇਸ਼ ਲਈ ਸ਼ਰਮਨਾਕ ਕਰਾਰ ਦਿੱਤਾ ਹੈ ਅਤੇ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਬੀਤੇ ਸਾਲ ਹਿਰਾਸਤ ਅਧੀਨ ਸਭ ਤੋਂ ਜ਼ਿਆਦਾ 9 ਮੂਲਵਾਸੀਆਂ ਦੀਆਂ ਮੌਤਾਂ NSW ’ਚ ਹੋਈਆਂ। ਇਸ ਤੋਂ ਵੈਸਟਰਨ ਆਸਟ੍ਰੇਲੀਆ ’ਚ 6, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ACT ’ਚ 3-3 ਮੂਲਵਾਸੀਆਂ ਦੀ ਹਿਰਾਸਤ ’ਚ ਮੌਤ ਹੋਈ। ਵਿਕਟੋਰੀਆ ’ਚ 2 ਜਦਕਿ ਤਸਮਾਨੀਆ ਅਤੇ ਨੌਰਦਰਨ ਟੈਰੀਟਰੀ ’ਚ ਕਿਸੇ ਮੂਲਵਾਸੀ ਦੀ ਹਿਰਾਸਤ ’ਚ ਮੌਤ ਨਹੀਂ ਹੋਈ।
ਆਸਟ੍ਰੇਲੀਆ ਦੀ ਵੱਸੋਂ ’ਚ ਸਿਰਫ਼ 3.8% ਹੈ ਮੂਲਵਾਸੀਆਂ ਦੀ ਗਿਣਤੀ, ਪਰ ਜੇਲ੍ਹਾਂ ’ਚ ਬੰਦ ਇੱਕ ਤਿਹਾਈ ਲੋਕ ਮੂਲਵਾਸੀ ਹਨ। ਮੂਲਵਾਸੀਆਂ ਦੀ ਮੌਤ ਦੇ ਮਾਮਲੇ ਗ਼ੈਰ-ਮੂਲਵਾਸੀ ਆਸਟ੍ਰੇਲੀਆਂ ਲੋਕਾਂ ਦੀ ਮੌਤ ਤੋਂ ਬਹੁਤ ਜ਼ਿਆਦਾ ਤੇਜ਼ੀ ਨਾਲ ਵਧੇ ਹਨ। ਅਜਿਹੀਆਂ ਬਹੁਤ ਸਾਰੀਆਂ ਮੌਤਾਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਵੀ ਪਹਿਲਾਂ ਹੋ ਗਈਆਂ। ਸਭ ਤੋਂ ਜ਼ਿਆਦਾ ਮੌਤਾਂ ਖ਼ੁਦਕੁਸ਼ੀ ਕਾਰਨ ਹੋਈਆਂ।





