Toyah Cordingley ਕਤਲ ਕੇਸ ’ਚ ਰਾਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ

ਮੈਲਬਰਨ : ਰਾਜਵਿੰਦਰ ਸਿੰਘ ਨੂੰ 24 ਸਾਲ ਦੀ Toyah Cordingley ਦੇ ਕਤਲ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 25 ਸਾਲ ਤਕ ਪੈਰੋਲ ਨਹੀਂ ਮਿਲੇਗੀ। 41 ਸਾਲ ਦੇ ਰਾਜਵਿੰਦਰ ਸਿੰਘ ਨੂੰ ਬੀਤੇ ਦਿਨ ਉੱਤਰੀ ਕੁਈਨਜ਼ਲੈਂਡ ਦੇ ਦੂਰ-ਦੁਰਾਡੇ ਸਥਿਤ Wangetti Beach ‘ਤੇ Toyah Cordingley ਦੀ ਚਾਕੂ ਮਾਰ ਕੇ ਜਾਨ ਲੈਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸੱਤ ਸਾਲ ਪਹਿਲਾਂ 21 ਅਕਤੂਬਰ 2018 ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਰਾਜਵਿੰਦਰ ਸਿੰਘ ਭਾਰਤ ਭੱਜ ਗਿਆ ਸੀ ਅਤੇ ਚਾਰ ਸਾਲ ਉਥੇ ਲੁਕਿਆ ਰਿਹਾ।

ਵਾਰਦਾਤ ਵਾਲੇ ਦਿਨ Cordingley ਆਪਣੇ ਕੁੱਤੇ, ਇੰਡੀ ਨਾਲ ਸਮੁੰਦਰੀ ਕੰਢੇ ‘ਤੇ ਕਸਰਤ ਕਰ ਰਹੀ ਸੀ, ਜਦੋਂ ਉਸ ਨੂੰ ਹਿੰਸਕ ਢੰਗ ਨਾਲ ਮਾਰ ਦਿੱਤਾ ਗਿਆ ਸੀ। ਜਦੋਂ ਉਹ ਘਰ ਨਾ ਪਰਤੀ ਤਾਂ ਉਸ ਦੀ ਕਾਫ਼ੀ ਭਾਲ ਮਗਰੋਂ ਲਾਸ਼ ਉਸ ਦੇ ਪਿਤਾ, Troy Cordingley, ਨੂੰ ਰੇਤ ਵਿੱਚ ਦੱਬੀ ਮਿਲੀ ਸੀ। ਉਸ ਦਾ ਕੁੱਤਾ ਬਿਨਾਂ ਕਿਸੇ ਨੁਕਸਾਨ ਦੇ ਮਿਲਿਆ ਸੀ ਅਤੇ ਲਗਭਗ 30 ਮੀਟਰ ਦੀ ਦੂਰੀ ‘ਤੇ ਇੱਕ ਦਰੱਖਤ ਨਾਲ ਬੰਨ੍ਹਿਆ ਹੋਇਆ ਸੀ।

ਰਾਜਵਿੰਦਰ ਸਿੰਘ ਉਸ ਵੇਲੇ ਕਤਲ ਵਾਲੀ ਥਾਂ ਤੋਂ ਕਾਫ਼ੀ ਦੂਰ Innisfail ’ਚ ਰਹਿੰਦਾ ਸੀ ਅਤੇ ਨਰਸ ਦਾ ਕੰਮ ਕਰਦਾ ਸੀ। ਉਸ ਨੇ ਖ਼ੁਦ ਨੂੰ ਬੇਗੁਨਾਹ ਦੱਸਿਆ ਸੀ। ਰਾਜਵਿੰਦਰ ਸਿੰਘ ਲਾਸ਼ ਮਿਲਣ ਤੋਂ ਇਕ ਦਿਨ ਬਾਅਦ ਆਪਣੀ ਪਤਨੀ, ਤਿੰਨ ਬੱਚਿਆਂ ਅਤੇ ਮਾਪਿਆਂ ਨੂੰ ਪਿੱਛੇ ਛੱਡ ਕੇ ਭਾਰਤ ਭੱਜ ਗਿਆ ਸੀ ਅਤੇ ਚਾਰ ਸਾਲ ਫਰਾਰ ਰਿਹਾ। ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਕਿ ਇਹ ਉਸ ਦੇ ਅਪਰਾਧ ਦਾ ਸੰਕੇਤ ਸੀ। ਰਾਜਵਿੰਦਰ ਸਿੰਘ ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਸੀ। ਉਸ ਦੀ ਸੂਹ ਦੇਣ ਲਈ ਆਸਟ੍ਰੇਲੀਆ ਪੁਲਿਸ ਨੇ 1 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਉਹ 2023 ਵਿੱਚ ਦਿੱਲੀ ’ਚ ਮਿਲਿਆ ਸੀ।

Cairns ਵਿੱਚ ਚਾਰ ਹਫ਼ਤਿਆਂ ਦੇ ਰੀਟਰਾਇਲ ਦੇ ਅੰਤ ਵਿੱਚ, ਸੋਮਵਾਰ ਨੂੰ ਸਰਬਸੰਮਤੀ ਨਾਲ ਦੋਸ਼ੀ ਫੈਸਲੇ ‘ਤੇ ਪਹੁੰਚਣ ਵਿੱਚ ਜਿਊਰੀ ਨੂੰ ਲਗਭਗ ਸੱਤ ਘੰਟੇ ਲੱਗੇ। ਮਾਰਚ ਵਿੱਚ ਹੋਏ ਪਹਿਲੇ ਵਿੱਚ ਜਿਊਰੀ ਸਰਬਸੰਮਤੀ ’ਤੇ ਨਹੀਂ ਪਹੁੰਚ ਸਕੀ ਸੀ। Toyah Cordingley ਇੱਕ ਹੈਲਥ ਸਟੋਰ ਵਰਕਰ ਅਤੇ ਜਾਨਵਰਾਂ ਦੀ ਪਨਾਹ ਵਾਲੰਟੀਅਰ ਸੀ, ਅਤੇ ਸਥਾਨਕ ਭਾਈਚਾਰੇ ’ਚ ਮਸ਼ਹੂਰ ਤੇ ਸਭ ਦੀ ਪਿਆਰੀ ਸੀ। ਉਸ ਦੀ ਮੌਤ ਨੇ ਕੁਈਨਜ਼ਲੈਂਡ ਦੇ ਲੋਕਾਂ ਵਿਚ ਸੋਗ ਅਤੇ ਗੁੱਸਾ ਭਰ ਦਿੱਤਾ ਸੀ ਅਤੇ ਵੱਡੇ ਪੱਧਰ ’ਤੇ ਇਨਸਾਫ਼ ਲਈ ਪ੍ਰਦਰਸ਼ਨ ਹੋਏ ਸਨ।

ਸਬੂਤ ਵਿੱਚ ਘਟਨਾ ਵਾਲੀ ਥਾਂ ‘ਤੇ ਇੱਕ ਸੋਟੀ ਤੋਂ ਬਰਾਮਦ ਕੀਤਾ ਗਿਆ ਡੀ.ਐਨ.ਏ. ਸ਼ਾਮਲ ਸੀ ਜੋ ਕਿ ਰਾਜਵਿੰਦਰ ਸਿੰਘ ਨਾਲ ਮੇਲ ਖਾਂਦਾ ਸੀ। ਸਰਕਾਰੀ ਵਕੀਲਾਂ ਨੇ ਇਹ ਵੀ ਕਿਹਾ ਕਿ Toyah Cordingley ਉਤੇ ਹਮਲੇ ਤੋਂ ਬਾਅਦ ਦੇ ਪਲਾਂ ਵਿੱਚ ਉਸ ਦਾ ਫੋਨ ਰਾਜਵਿੰਦਰ ਸਿੰਘ ਦੀ ਕਾਰ ਦੀਆਂ ਹਰਕਤਾਂ ਨਾਲ ਮੇਲ ਖਾਂਦਾ ਸੀ।