ਗ਼ੈਰਲੋੜੀਂਦੇ ਖ਼ਰਚ ਨੂੰ ਲੈ ਕੇ ਆਲੋਚਨਾ ਝੱਲ ਰਹੀ ਆਸਟ੍ਰੇਲੀਅਨ ਮੰਤਰੀ Anika Wells ਘਿਰੀ ਨਵੇਂ ਵਿਵਾਦ ਵਿੱਚ

ਮੈਲਬਰਨ : ਆਸਟ੍ਰੇਲੀਆ ਦੀ ਕਮਿਊਨੀਕੇਸ਼ਨਜ਼ ਅਤੇ ਖੇਡ ਮੰਤਰੀ Anika Wells ਲਗਾਤਾਰ ਵਿਵਾਦਾਂ ’ਚ ਘਿਰ ਗਏ ਹਨ। ਆਪਣੇ ਅਤੇ ਆਪਣੇ ਪਰਿਵਾਰ ਦੇ ਸਫ਼ਰ ਲਈ ਸੰਸਦੀ ਹੱਕਾਂ ਦੀ ਵਰਤੋਂ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਹੀ ਮੰਤਰੀ ਵੱਲੋਂ Optus Triple-0 outage ਮਾਮਲੇ ਵਿਚ ਸੰਸਦੀ ਜਾਂਚ ਦਾ ਸਾਹਮਣਾ ਕਰਨ ਤੋਂ ਇਨਕਾਰ ਕਰਨ ’ਤੇ ਨਵਾਂ ਵਿਵਾਦ ਛਿੜ ਗਿਆ ਹੈ।

Triple-0 outage ਕਾਰਨ ਤਿੰਨ ਵਿਅਕਤੀਆਂ ਦੀ ਮੌਤ ਨਾਲ ਜੁੜੀ ਜਾਂਚ ਮੁਖੀ ਸੈਨਟਰ Sarah Hanson-Young ਨੇ Wells ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਸੀ, ਪਰ ਉਨ੍ਹਾਂ ਨੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। Wells ਲਈ ਜਾਂਚ ’ਚ ਸ਼ਾਮਲ ਹੋਣਾ ਲਾਜ਼ਮੀ ਨਹੀਂ ਹੈ।

ਇਸ ਪਹਿਲਾਂ ਇਸ ਬਾਰੇ ਵੀ ਵਿਵਾਦ ਹੋ ਰਿਹਾ ਸੀ ਕਿ ਰਿਕਾਰਡਾਂ ਅਨੁਸਾਰ Wells ਨੇ ਆਪਣੇ ਪਤੀ ਅਤੇ ਬੱਚਿਆਂ ਨਾਲ AFL ਗਰੈਂਡ ਫਾਈਨਲਜ਼ ਲਈ ਤਿੰਨ ਫ਼ਲਾਈਟਾਂ ਉਤੇ 2022 ਅਤੇ 2024 ਦੇ ਵਿਚਕਾਰ ਟੈਕਸਦਾਤਾਵਾਂ ਦੇ ਖ਼ਰਚ ’ਤੇ 16,000 ਡਾਲਰ ਤੋਂ ਵੱਧ ਦਾ ਬਿੱਲ ਭਰਿਆ। AFL ਦੀਆਂ ਟਿਕਟਾਂ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਸਨ। ਇਹੀ ਨਹੀਂ ਉਨ੍ਹਾਂ ਨੇ ਕ੍ਰਿਕਟ ਮੈਚਾਂ ਲਈ ਉਡਾਣਾਂ, Thredbo ski resort ਦੀਆਂ ਪਰਿਵਾਰਕ ਯਾਤਰਾਵਾਂ ਅਤੇ ਆਸਟ੍ਰੇਲੀਅਨ ਫਾਰਮੂਲਾ 1 ਗ੍ਰੈਂਡ ਪ੍ਰੀ ਵਿੱਚ ਹਾਜ਼ਰੀ ਵੀ ਸਰਕਾਰੀ ਖ਼ਰਚ ’ਤੇ ਸਫ਼ਰ ਕੀਤਾ। ਇਸ ਤੋਂ ਇਲਾਵਾ ਇੱਕ ਨਵੀਂ ਵੀਡੀਓ ਕਲਿੱਪ ਵਿੱਚ ਉਨ੍ਹਾਂ ਨੂੰ ਆਪਣੇ ਪਤੀ, Finn McCarthy ਨਾਲ ਬ੍ਰਿਸਬੇਨ ਲਾਇਨਜ਼ ਦੀ 2025 AFL ਗ੍ਰੈਂਡ ਫਾਈਨਲ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਵੇਖਿਆ ਜਾ ਸਕਦਾ ਹੈ।

ਇਹੀ ਨਹੀਂ ਉਨ੍ਹਾਂ ਦੇ ਖਰਚ ਵਿੱਚ ਇੰਟਰਨੈਸ਼ਨਲ ਸਫ਼ਰ ਤੱਕ ਸ਼ਾਮਲ ਹਨ, ਜਿਸ ਵਿੱਚ ਪੈਰਿਸ ਅਤੇ ਨਿਊਯਾਰਕ ਦੀਆਂ ਯਾਤਰਾਵਾਂ ’ਤੇ 200,000 ਡਾਲਰ ਅਤੇ ਸੰਯੁਕਤ ਰਾਸ਼ਟਰ ਦੇ ਸਮਾਗਮਾਂ ਲਈ ਲਗਭਗ 100,000 ਡਾਲਰ ਖ਼ਰਚ ਸ਼ਾਮਲ ਹਨ। ਘਰੇਲੂ ਖਰਚਿਆਂ ਵਿੱਚ ਸਰਕਾਰੀ ਫੰਡ ਪ੍ਰਾਪਤ ਕਾਰਾਂ ਵੀ ਸ਼ਾਮਲ ਸਨ ਜੋ Wells ਦੇ ਖੇਡ ਸਮਾਗਮਾਂ ਵਿੱਚ ਸ਼ਾਮਲ ਹੋਣ ਸਮੇਂ ਘੰਟਿਆਂ ਬੱਧੀ ਸਟੇਡੀਅਮ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰਦੀਆਂ ਰਹੀਆਂ, ਜਿਸ ਨਾਲ ਬਿੱਲ ਵਿੱਚ ਹਜ਼ਾਰਾਂ ਡਾਲਰਾਂ ਦਾ ਫ਼ਾਲਤੂ ਭੁਗਤਾਨ ਕਰਨਾ ਪਿਆ।

ਹਾਲਾਂਕਿ Wells ਨੇ ਪਰਿਵਾਰ ਨਾਲ ਜੁੜਨ ਦੇ ਹਵਾਲੇ ਨਾਲ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀਆਂ ਕਾਰਵਾਈਆਂ ‘ਨਿਯਮਾਂ ਅਨੁਸਾਰ’ ਸਨ। ਜਦੋਂ ਕਿ ਪ੍ਰਧਾਨ ਮੰਤਰੀ Anthony Albanese ਨੇ ਵੀ ਉਨ੍ਹਾਂ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਤਰਾ ਨਿਯਮਾਂ ਦੀ ਪਾਲਣਾ ਕਰਦੀ ਹੈ।

ਇਹ ਵਿਵਾਦ ਅਜਿਹੇ ਸਮੇਂ ਵਿੱਚ ਸਿਆਸਤਦਾਨਾਂ ਦੇ ਖਰਚਿਆਂ ਬਾਰੇ ਵਿਆਪਕ ਚਿੰਤਾਵਾਂ ਨੂੰ ਉਜਾਗਰ ਕਰਦਾ ਹੈ ਜਦੋਂ ਆਸਟਰੇਲੀਅਨ ਲੋਕਾਂ ਨੂੰ ਰਹਿਣ-ਸਹਿਣ ਦੀ ਲਾਗਤ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰਾਂ ਦੀ ਦਲੀਲ ਹੈ ਕਿ Wells ਦਾ ਵਿਵਹਾਰ ਟੈਕਸਦਾਤਾਵਾਂ ਦੇ ਫੰਡਾਂ ਦੀ ਦੁਰਵਰਤੋਂ ਨੂੰ ਦਰਸਾਉਂਦਾ ਹੈ, ਸੰਸਦੀ ਲਾਭਾਂ ਅਤੇ ਜਵਾਬਦੇਹੀ ਦੀ ਜਾਂਚ ਨੂੰ ਤੇਜ਼ ਕਰਦਾ ਹੈ।