ਮੈਲਬਰਨ : ਨਿਊਜ਼ੀਲੈਂਡ ਦੇ Dunedin ’ਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਦੇ ਕਤਲ ਲਈ ਇੱਕ ਹੋਰ ਪੰਜਾਬੀ ਨੂੰ ਹੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪਿਛਲੇ ਸਾਲ ਜਨਵਰੀ ’ਚ ਗੁਰਜੀਤ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਬੜੀ ਸਫ਼ਾਈ ਨਾਲ ਕਤਲ ਕਰ ਦਿੱਤਾ ਗਿਆ ਸੀ। ਅੱਜ ਇਸ ਮਾਮਲੇ ’ਚ ਗੁਰਜੀਤ ਸਿੰਘ ਦੇ ਜਾਣਕਾਰ ਰਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਸਜ਼ਾ ਅਗਲੇ ਸਾਲ 1 ਅਪ੍ਰੈਲ ਨੂੰ ਸੁਣਾਈ ਜਾਵੇਗੀ।
ਹਾਲਾਂਕਿ ਰਜਿੰਦਰ ਸਿੰਘ ਨੇ ਅਦਾਲਤ ’ਚ ਖ਼ੁਦ ਨੂੰ ਬੇਗੁਨਾਹ ਦਸਿਆ ਸੀ। ਪਰ ਅਦਾਲਤ ਨੇ ਕਿਹਾ ਕਿ ਕਤਲ ਵਾਲੀ ਥਾਂ ਤੋਂ ਰਜਿੰਦਰ ਸਿੰਘ ਦਾ ਡੀ.ਐਨ.ਏ. ਮਿਲਿਆ ਹੈ ਅਤੇ ਉਸ ਨੇ ਪੁਲਿਸ ਸਾਹਮਣੇ ਝੂਠ ਬੋਲਿਆ ਸੀ। ਉਸ ਦੇ ਵਕੀਲ ਨੇ ਕਿਹਾ ਕਿ ਰਜਿੰਦਰ ਸਿੰਘ ਕੋਲ ਕਤਲ ਕਰਨ ਦਾ ਕੋਈ ਕਾਰਨ ਨਹੀਂ ਸੀ ਅਤੇ ਉਸ ਵਿਰੁਧ ਸਬੂਤ ਕੱਚੇ ਹਨ। ਆਪਣੀ ਆਖ਼ਰੀ ਦਲੀਲ ’ਚ ਸਰਕਾਰੀ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਰਜਿੰਦਰ ਸਿੰਘ ਦਾ ਖ਼ੂਨ ਕਤਲ ਵਾਲੀ ਥਾਂ ਤੋਂ ਮਿਲਿਆ ਸੀ। ਉਸ ਦੇ ਵਾਲ ਮ੍ਰਿਤਕ ਦੇ ਹੱਥਾਂ ਉਤੇ ਮਿਲੇ ਸਨ। ਉਸ ਨੂੰ ਹੋਇਆ ਜ਼ਖ਼ਮ ਅਤੇ ਕਤਲ ਵਾਲੀ ਥਾਂ ਤੋਂ ਮਿਲਿਆ ਦਸਤਾਨੇ ਦਾ ਅੰਗੂਠਾ, ਉਸ ਵਲੋਂ ਕਤਲ ਦਾ ਸਾਮਾਨ ਖ਼ਰੀਦਣਾ ਅਤੇ ਇੰਟਰਨੈੱਟ ਉਤੇ ਉਸ ਵੱਲੋਂ ਮ੍ਰਿਤਕ ਦੇ ਘਰ ਦੀ ਥਾਂ ਲੱਭਣਾ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਕਤਲ ਰਜਿੰਦਰ ਸਿੰਘ ਨੇ ਹੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਦਰਅਸਲ 2022 ’ਚ ਗੁਰਜੀਤ ਸਿੰਘ ਦੇ ਵਿਆਹ ਤੋਂ ਪਹਿਲਾਂ ਰਜਿੰਦਰ ਸਿੰਘ ਵੱਲੋਂ ਉਸ ਦੀ ਪਤਨੀ ਕਮਲਜੀਤ ਨੂੰ ਕੀਤੀ ਵਿਆਹ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤੀ ਗਈ ਸੀ ਜਿਸ ਕਾਰਨ ਉਹ ਗੁੱਸੇ ਵਿੱਚ ਸੀ। ਇਸ ਤੋਂ ਇਲਾਵਾ ਰਜਿੰਦਰ ਸਿੰਘ ਨੇ ਗੁਰਜੀਤ ਸਿੰਘ ਦਾ ਵਿਆਹ ਆਪਣੀ ਛੋਟੀ ਭੈਣ ਨਾਲ ਕਰਵਾਉਣ ਦੀ ਵੀ ਪੇਸ਼ਕਸ਼ ਕੀਤੀ ਸੀ, ਪਰ ਗੁਰਜੀਤ ਸਿੰਘ ਨੇ ਉਸ ਨੂੰ ਬਹੁਤ ਘੱਟ ਉਮਰ ਦੀ ਕਹਿ ਕੇ ਠੁਕਰਾ ਦਿੱਤਾ ਸੀ। ਸਰਕਾਰੀ ਵਕੀਲ ਨੇ ਕਿਹਾ ਕਿ ਇਹੀ ਕਤਲ ਦਾ ਅਸਲ ਕਾਰਨ ਸੀ।
ਰਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਗੁਰਜੀਤ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਨੇ ਅਦਾਲਤ ਦੇ ਫ਼ੈਸਲੇ ਉੱਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ, ‘‘ਰਜਿੰਦਰ ਨੇ ਸਾਡੀ ਹੀ ਨਹੀਂ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਤਬਾਹ ਕਰ ਦਿੱਤੀ, ਉਮੀਦ ਹੈ ਕਿਸੇ ਦਿਨ ਉਹ ਆਪਣੇ ਜੁਰਮ ਨੂੰ ਕਬੂਲ ਕਰੇਗਾ ਕਿ ਉਸ ਨੇ ਕਿਉਂ ਅਜਿਹਾ ਕੀਤਾ। ਇਸ ਨਾਲ ਹੀ ਮੈਨੂੰ ਪੂਰੀ ਸ਼ਾਂਤੀ ਆਵੇਗੀ।’’





