- ਭਾਰਤ ਦੇ ਹੈਦਰਾਬਾਦ ਸਥਿਤ ਕਾਲ ਸੈਂਟਰ ਚਲਾ ਰਹੇ ਨੌਂ ਵਿਅਕਤੀ ਗ੍ਰਿਫ਼ਤਾਰ
- ਮੁਲਜ਼ਮਾਂ ਨੇ ਪਿਛਲੇ ਦੋ ਸਾਲਾਂ ਵਿੱਚ ਆਸਟ੍ਰੇਲੀਅਨ ਨਾਗਰਿਕਾਂ ਨਾਲ ਅੰਦਾਜ਼ਨ 8-10 ਕਰੋੜ ਰੁਪਏ ਦੀ ਧੋਖਾਧੜੀ ਕੀਤੀ
- ਗੈਰ-ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀ ਰਕਮ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਜਾਂ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੇ ਬੈਂਕ ਖਾਤਿਆਂ ਰਾਹੀਂ ਭਾਰਤ ਭੇਜੀ ਗਈ
- ਪੁਲਿਸ ਨੇ NRI ਸਟੂਡੈਂਟਸ ਅਤੇ ਮਾਪਿਆਂ ਨੂੰ ਸਲਾਹ ਜਾਰੀ ਕੀਤੀ, ਕਿਸੇ ਵੀ ਸਥਿਤੀ ਵਿੱਚ ਅੰਤਰਰਾਸ਼ਟਰੀ ਬੈਂਕ ਖਾਤੇ ਸਾਂਝੇ ਨਾ ਕਰਨ ਲਈ ਕਿਹਾ
ਮੈਲਬਰਨ : ਭਾਰਤ ਦੇ ਸਟੇਟ ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ’ਚ ਆਸਟ੍ਰੇਲੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਇੱਕ ਫ਼ਰਜ਼ੀ ਕਾਲ ਸੈਂਟਰ ਦਾ ਪਰਦਾਫ਼ਾਸ਼ ਹੋਇਆ ਹੈ। ਸਾਇਬਰਾਬਾਦ ਪੁਲਿਸ ਦੀ ਕਾਰਵਾਈ ਮਗਰੋਂ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਲਾਨਗਰ ਸਪੈਸ਼ਲ ਆਪ੍ਰੇਸ਼ਨ ਟੀਮ (SOT) ਅਤੇ ਸਾਈਬਰਾਬਾਦ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਦੇ ਸਾਂਝੇ ਆਪ੍ਰੇਸ਼ਨ ’ਚ ਮਾਧਾਪੁਰ ਇਲਾਕੇ ਤੋਂ ਕੰਮ ਕਰਨ ਰਹੇ ਫ਼ਰਜ਼ੀ ਅੰਤਰਰਾਸ਼ਟਰੀ ਕਾਲ ਸੈਂਟਰ ’ਚ ਕੰਮ ਕਰ ਰਹੇ ਇਨ੍ਹਾਂ ਮੁਲਜ਼ਮਾਂ ਨੇ ਪਿਛਲੇ ਦੋ ਸਾਲਾਂ ਵਿੱਚ ਆਸਟ੍ਰੇਲੀਅਨ ਨਾਗਰਿਕਾਂ ਨਾਲ ਅੰਦਾਜ਼ਨ 8-10 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਰਿਜ ਆਈ.ਟੀ. ਸੋਲਿਊਸ਼ਨਜ਼ ਦੇ ਨਾਂ ਹੇਠ ਕੰਮ ਕਰ ਰਹੇ ਕਾਲ ਸੈਂਟਰ ਵਿੱਚ ਮੁੱਖ ਮੁਲਜ਼ਮ ਖੰਮਮ ਜ਼ਿਲ੍ਹੇ ਦੇ ਚਚੇਰੇ ਭਰਾ ਪ੍ਰਵੀਨ ਅਤੇ ਪ੍ਰਕਾਸ਼ ਨੇ ਕੋਲਕਾਤਾ ਤੋਂ ਵਿਅਕਤੀਆਂ ਨੂੰ ਭਰਤੀ ਕੀਤਾ ਸੀ, ਅਤੇ ਉਨ੍ਹਾਂ ਨੂੰ ਹੈਦਰਾਬਾਦ ਵਿੱਚ ਸਿਖਲਾਈ ਦਿੱਤੀ ਅਤੇ ਧੋਖਾਧੜੀ ਨੂੰ ਅੰਜਾਮ ਦੇਣ ਲਈ ਉਨ੍ਹਾਂ ਦੀ ਵਰਤੋਂ ਕੀਤੀ।
ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮਾਂ ਨੇ VoIP ਐਪਲੀਕੇਸ਼ਨਾਂ ਜਿਵੇਂ ਕਿ X-Lite ਦੀ ਵਰਤੋਂ ਕਰਦਿਆਂ ਆਸਟ੍ਰੇਲੀਅਨ ਨਾਗਰਿਕਾਂ ਨਾਲ ਸੰਪਰਕ ਕੀਤਾ, ਉਨ੍ਹਾਂ ਨੂੰ ਜਾਅਲੀ ਸੁਰੱਖਿਆ ਪੌਪ-ਅਪਸ ਅਤੇ ਈ-ਮੇਲਾਂ ਭੇਜੀਆਂ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਕੰਪਿਊਟਰਾਂ ਨਾਲ ਛੇੜਛਾੜ ਕੀਤੀ ਗਈ ਸੀ। ਪ੍ਰਦਰਸ਼ਿਤ ‘ਗਾਹਕ ਕੇਅਰ’ ਨੰਬਰ ‘ਤੇ ਕਾਲ ਕਰਨ ਵਾਲੇ ਪੀੜਤਾਂ ਨੂੰ ਸਿੱਧੇ ਤੌਰ ‘ਤੇ ਧੋਖਾਧੜੀ ਕਰਨ ਵਾਲਿਆਂ ਦੇ ਮਾਧਾਪੁਰ ਕਾਲ ਸੈਂਟਰ ਨਾਲ ਜੋੜਿਆ ਗਿਆ ਸੀ। ਇੱਕ ਵਾਰ ਜੁੜਨ ਤੋਂ ਬਾਅਦ, ਟੈਲੀ-ਕਾਲਰਾਂ ਨੇ ਉਨ੍ਹਾਂ ਨੂੰ ਐਨੀਡੈਸਕ ਰਾਹੀਂ ਆਪਣੇ ਡਿਵਾਈਸਾਂ ਤੱਕ ਰਿਮੋਟ ਐਕਸੈਸ ਦੇਣ ਲਈ ਰਾਜ਼ੀ ਕੀਤਾ, ਜਿਸ ਤੋਂ ਬਾਅਦ ਔਨਲਾਈਨ ਬੈਂਕਿੰਗ ਖਾਤਿਆਂ ਤੱਕ ਪਹੁੰਚ ਲਈ ਗਈ ਅਤੇ ਨਾਜਾਇਜ਼ ਰੂਪ ਨਾਲ ਫੰਡ ਟ੍ਰਾਂਸਫਰ ਕੀਤੇ ਗਏ।
ਪੁਲਿਸ ਨੇ ਦੱਸਿਆ ਕਿ ਗੈਰ-ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀ ਗਈ ਰਕਮ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਜਾਂ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਗਈ ਸੀ। ਬਾਅਦ ‘ਚ ਇਹ ਫੰਡ ਹਵਾਲਾ ਨੈੱਟਵਰਕ, ਕ੍ਰਿਪਟੋਕਰੰਸੀ ਲੈਣ-ਦੇਣ ਅਤੇ ਹੋਰ ਲੁਕਵੇਂ ਤਰੀਕਿਆਂ ਰਾਹੀਂ ਭਾਰਤ ਵਾਪਸ ਭੇਜੇ ਗਏ। ਛਾਪੇਮਾਰੀ ਦੌਰਾਨ, 45 ਆਸਟ੍ਰੇਲੀਅਨ ਬੈਂਕ ਖਾਤੇ ਇੱਕ ਦਫਤਰ ਦੇ ਫੋਨ ‘ਤੇ ਸਟੋਰ ਕੀਤੇ ਮਿਲੇ। ਜਾਂਚਕਰਤਾਵਾਂ ਨੂੰ ਸ਼ੱਕ ਸੀ ਕਿ ਸੈਂਕੜੇ ਹੋਰ ਬੈਂਕ ਖਾਤਿਆਂ ਦੀ ਦੁਰਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਛਾਪੇਮਾਰੀ ਦੌਰਾਨ 12 ਕੰਪਿਊਟਰ, 21 ਮੋਬਾਈਲ ਫੋਨ, ਦੋ ਟੀਪੀ-ਲਿੰਕ ਰਾਊਟਰ, ਤਿੰਨ ਸਟੈਂਪ ਅਤੇ ਇੱਕ ਵਾਹਨ ਵੀ ਜ਼ਬਤ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਯੇਪੁਰੀ ਗਣੇਸ਼ (30), ਮਰਮਪੁਡੂ ਚੇਨਾ ਕੇਸ਼ਵ (26), ਮੌਮਿਤਾ ਮੰਡਲ (27), ਏਜਾਜ਼ ਅਹਿਮਦ (42), ਸੰਬਿਤ ਰਾਏ (27), ਸ਼ਨਿਕ ਬੈਨਰਜੀ (24), ਮੌਮਿਤਾ ਮਲਿਕ (33), ਸਿਲਪੀ ਸਮੱਦਰ (33) ਅਤੇ ਕੁਨਾਲ ਸਿੰਘ (37) ਸ਼ਾਮਲ ਹਨ। ਇਨ੍ਹਾਂ ਵਿੱਚੋਂ ਸੱਤ ਨੂੰ ਕੋਲਕਾਤਾ ਤੋਂ ਲਿਆਂਦਾ ਗਿਆ ਸੀ।
ਗ੍ਰਿਫਤਾਰੀ ਤੋਂ ਬਾਅਦ, ਸਾਈਬਰਾਬਾਦ ਪੁਲਿਸ ਨੇ ਇੱਕ ਸਲਾਹ ਜਾਰੀ ਕੀਤੀ ਹੈ ਜਿਸ ਵਿੱਚ NRI ਸਟੂਡੈਂਟਸ ਅਤੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਸਥਿਤੀ ਵਿੱਚ ਅੰਤਰਰਾਸ਼ਟਰੀ ਬੈਂਕ ਖਾਤੇ ਸਾਂਝੇ ਨਾ ਕਰਨ ਜਾਂ ਕਿਰਾਏ ‘ਤੇ ਨਾ ਦੇਣ। ਨਾਗਰਿਕਾਂ ਨੂੰ ਪੂਰੀ ਗੁਪਤਤਾ ਦੇ ਭਰੋਸੇ ਨਾਲ ਡਾਇਲ 1930 ਜਾਂ ਸਾਈਬਰਾਬਾਦ ਵਟਸਐਪ ਨੰਬਰ 9490617444 ਰਾਹੀਂ ਫਰਜ਼ੀ ਕਾਲ ਸੈਂਟਰਾਂ ‘ਤੇ ਸ਼ੱਕੀ ਆਨਲਾਈਨ ਗਤੀਵਿਧੀ ਜਾਂ ਜਾਣਕਾਰੀ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਜਾਂਚਕਰਤਾ ਇਸ ਧੋਖਾਧੜੀ ’ਚ ਸ਼ਾਮਲ ਹੋਰ ਲੋਕਾਂ ਦੀ ਭਾਲ ਕਰ ਰਹੇ ਹਨ।





