ਹੋਬਾਰਟ : ਜਨਵਰੀ 2024 ਵਿੱਚ ਪੰਜਾਬੀ ਮੂਲ ਦੇ ਸਟੂਡੈਂਟ ਦੀਪਿੰਦਰਜੀਤ ਸਿੰਘ ਨੂੰ ਡੇਰਵੈਂਟ ਨਦੀ ਵਿੱਚ ਧੱਕਾ ਦੇ ਕੇ ਮਾਰਨ ਦੇ ਦੋਸ਼ ’ਚ ਹੋਬਾਰਟ ਦੇ ਇੱਕ 19 ਸਾਲ ਦੇ ਮੁੰਡੇ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੀਪਿੰਦਰਜੀਤ ਸਿੰਘ ਤੈਰਨਾ ਨਹੀਂ ਜਾਣਦਾ ਸੀ ਜਿਸ ਕਾਰਨ ਡੁੱਬਣ ਮਗਰੋਂ ਉਸ ਦੀ ਮੌਤ ਹੋ ਗਈ। ਦੋਸ਼ੀ ਨੇ ਦੀਪਇੰਦਰ ਨਾਲ ਬੈਠੀ ਉਸ ਦੀ ਮਹਿਲਾ ਦੋਸਤ ਨੂੰ ਵੀ ਪਾਣੀ ’ਚ ਧੱਕਾ ਦੇ ਦਿੱਤਾ ਸੀ ਜੋ ਕਿਸੇ ਤਰ੍ਹਾਂ ਰੇਲਿੰਗ ਨੂੰ ਫੜ ਕੇ ਬਚ ਗਈ। ਦੀਪਇੰਦਰ ਸਿੰਘ ਪੰਜਾਬ ਦੇ ਲੁਧਿਆਣਾ ਨਾਲ ਸਬੰਧਤ ਸੀ ਅਤੇ UTAS ਦਾ ਸਟੂਡੈਂਟ ਸੀ।
ਚੀਫ ਜਸਟਿਸ Chris Shanahan ਨੇ ਦੋਸ਼ੀ ਦੇ ਇਸ ਕੰਮ ਨੂੰ ‘ਬਗੈਰ ਕਿਸੇ ਕਾਰਨ ਤੋਂ’ ਦੱਸਿਆ ਸੀ, ਜੋ ਔਰਤ ਦਾ ਹੈਂਡਬੈਗ ਚੋਰੀ ਕਰਨ ਦੀ ਕੋਸ਼ਿਸ਼ ਤੋਂ ਪ੍ਰੇਰਿਤ ਸੀ। ਦੋਸ਼ੀ ਉਤੇ ਕਤਲ ਅਤੇ ਡਕੈਤੀ ਦੇ ਦੋਸ਼ ਲੱਗੇ ਸਨ। ਘਟਨਾ ਸਮੇਂ ਦੋਸ਼ੀ ਡੁੱਬ ਰਹੇ ਪੀੜਤ ਦੀ ਮਦਦ ਕਰਨ ਦੀ ਬਜਾਏ ਉਥੋਂ ਭੱਜ ਗਿਆ ਸੀ। ਹਾਲਾਂਕਿ ਬਾਅਦ ਵਿੱਚ ਉਸ ਨੇ ਆਪਣਾ ਦੋਸ਼ ਮੰਨਿਆ ਅਤੇ ਪਛਤਾਵਾ ਵੀ ਜ਼ਾਹਰ ਕੀਤਾ, ਜਿਸ ਕਾਰਨ ਉਸ ਦੀ ਸਜ਼ਾ ਹੁਣ ਤਕ ਜੇਲ੍ਹ ਅੰਦਰ ਬਿਤਾਏ ਸਮੇਂ ਸਮੇਤ ਦੋ ਸਾਲ ਮੁਅੱਤਲ ਕਰ ਦਿੱਤੇ ਗਏ। ਉਸ ਨੂੰ 2026 ਦੇ ਸ਼ੁਰੂ ਵਿੱਚ ਰਿਹਾਅ ਕੀਤੇ ਜਾਣ ਦੀ ਉਮੀਦ ਹੈ। ਉਸ ਉਤੇ 100 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ ਸ਼ਰਾਬ ਪੀਣ ’ਤੇ ਪਾਬੰਦੀ ਦੀ ਸ਼ਰਤ ਲਾਗੂ ਰਹੇਗੀ।





