Social Media Ban ਲਾਗੂ ਹੋਣ ਤੋਂ ਪਹਿਲਾਂ ਡੇਟਾ ਡਾਊਨਲੋਡ ਕਰਨ ਨੂੰ ਕਿਹਾ
ਮੈਲਬਰਨ : Facebook ਅਤੇ Instagram ਦੀ ਪੈਰੇਂਟ ਕੰਪਨੀ Meta ਨੇ ਐਲਾਨ ਕੀਤਾ ਹੈ ਕਿ ਉਹ 10 ਦਸੰਬਰ ਨੂੰ ਲਾਗੂ ਹੋ ਰਹੇ Social Media Ban ਤੋਂ ਇੱਕ ਹਫ਼ਤਾ ਪਹਿਲਾਂ ਹੀ ਸਾਰੇ 16 ਸਾਲ ਤੋਂ ਘੱਟ ਉਮਰ ਵਾਲੇ ਯੂਜਰਸ ਦੇ ਅਕਾਊਂਟ ਬੰਦ ਕਰ ਦੇਵੇਗਾ। Meta ਨੇ ਇਨ੍ਹਾਂ ਸਾਰਿਆਂ ਨੂੰ ਅਗਲੇ ਦੋ ਹਫ਼ਤਿਆਂ ਅੰਦਰ ਆਪਣੀ ਡਿਜੀਟਲ ‘ਹਿਸਟਰੀ’ ਡਾਊਨਲੋਡ ਕਰਨ ਲਈ ਕਿਹਾ ਹੈ ਤਾਂ ਜੋ ਉਹ ਪਾਬੰਦੀ ਦੌਰਾਨ ਆਪਣੀਆਂ ਤਸਵੀਰਾਂ, ਵੀਡੀਓਜ਼ ਆਦਿ ਗੁਆ ਨਾ ਦੇਣ। ਕੰਪਨੀ ਨੇ ਇਨ੍ਹਾਂ ਬੱਚਿਆਂ ਨੂੰ Facebook, Instagram ਤੇ Threads ਤੋਂ ਆਪਣਾ ਖਾਤਾ ਹਟਾਉਣ ਦੀ ਚਿਤਾਵਨੀ ਭੇਜਣੀ ਵੀ ਸ਼ੁਰੂ ਕਰ ਦਿੱਤੀ ਹੈ।
ਹਾਲਾਂਕਿ Meta ਨੇ ਇਹ ਵੀ ਕਿਹਾ ਕਿ ਇਸ ਮਿਆਦ ਦੌਰਾਨ ਨਾਬਾਲਗ ਵਰਤੋਂਕਾਰ ਆਪਣੀ ਸੰਪਰਕ ਜਾਣਕਾਰੀ ਅਪਡੇਟ ਕਰ ਸਕਦੇ ਹਨ ਤਾਂ ਜੋ 16 ਸਾਲ ਦੇ ਹੋਣ ’ਤੇ ਉਹ ਆਪਣਾ ਖਾਤਾ ਅਸਾਨੀ ਨਾਲ ਮੁੜ ਚਲਾ ਸਕਣ। ਕੰਪਨੀ ਦਾ ਅਨੁਮਾਨ ਹੈ ਕਿ Instagram ’ਤੇ 13-15 ਸਾਲ ਦੇ 350,000 ਤੇ ਫੇਸਬੁੱਕ ’ਤੇ 150,000 ਆਸਟ੍ਰੇਲੀਅਨ ਪ੍ਰਯੋਗਕਰਤਾ ਹਨ।
ਆਸਟ੍ਰੇਲੀਆ ਸਰਕਾਰ ਨੇ ਦੋ ਹਫ਼ਤੇ ਪਹਿਲਾਂ ਐਲਾਨ ਕੀਤਾ ਸੀ ਕਿ Meta ਦੇ ਤਿੰਨ ਮੰਚਾਂ Facebook, Instagram, Threads ਦੇ ਨਾਲ ਹੀ Snapchat, Tiktok, X ਅਤੇ Youtube ਨੂੰ ਵੀ 10 ਦਸੰਬਰ ਤੋਂ 16 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਅਨ ਪ੍ਰਯੋਗਕਰਤਾਵਾਂ ਨੂੰ ਹਟਾਉਣ ਲਈ ਕਦਮ ਚੁੱਕਣੇ ਪੈਣਗੇ। Meta ਦਾ Messenger ਇਸ ਪਾਬੰਦੀ ਤੋਂ ਪ੍ਰਭਾਵਤ ਨਹੀਂ ਹੋਵੇਗਾ।
ਕੈਲੀਫੋਰਨੀਆ ਸਥਿਤ Meta ਨੇ ਘੱਟ ਉਮਰ ਦੇ ਖਾਤਾਧਾਰਕਾਂ ਨੂੰ SMS ਅਤੇ ਈ-ਮੇਲ ਭੇਜ ਕੇ ਚਿਤਾਵਨੀ ਦਿੱਤੀ ਕਿ 4 ਦਸੰਬਰ ਤੋਂ ਸ਼ੱਕੀ ਅੱਲ੍ਹੜ ਪ੍ਰਯੋਗਕਰਤਾ ਦੀ ਇਨ੍ਹਾਂ ਮੰਚਾਂ ਤੱਕ ਪਹੁੰਚ ਰੋਕ ਦਿੱਤੀ ਜਾਵੇਗੀ। Meta ਨੇ ਕਿਹਾ, ‘‘ਅਸੀਂ ਅੱਜ ਤੋਂ ਅੱਲ੍ਹੜਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਰਹੇ ਹਾਂ ਤਾਂ ਜੋ ਉਹ ਆਪਣੇ ਸੰਪਰਕ ਤੇ ਯਾਦਾਂ ਸੁਰੱਖਿਅਤ ਕਰ ਸਕਣ।’’





