ਸਿਡਨੀ : Parramatta ’ਚ ਵਾਪਰੀ ਇੱਕ ਕਥਿਤ ਨਸਲੀ ਹਮਲੇ ਦੀ ਘਟਨਾ ’ਚ ਇੱਕ ਭਾਰਤੀ ਮੂਲ ਦਾ ਬਜ਼ੁਰਗ ਜ਼ਖਮੀ ਹੋ ਗਿਆ। ਘਟਨਾ ਆਸਟ੍ਰੇਲੀਆ ਦੇ ਸਟੇਟ NSW ਦੀ ਰਾਜਧਾਨੀ ਸਿਡਨੀ ਦੇ ਸਬਅਰਬ Parramatta ਸਥਿਤ Westfield ਸ਼ਾਪਿੰਗ ਸੈਂਟਰ ’ਚ ਪਿਛਲੇ ਹਫ਼ਤੇ ਵਾਪਰੀ ਸੀ ਜਦੋਂ 22 ਸਾਲ ਦੀ Mikayla Smith ਨੇ ਇੰਜਨੀਅਰ ‘ਭੁੱਪੀ’ ਵਜੋਂ ਜਾਣੇ ਜਾਂਦੇ ਪੀੜਤ ਦੇ ਮੂੰਹ ’ਤੇ ਮੁੱਕਾ ਮਾਰਿਆ ਸੀ। ਹਮਲਾਵਰ ਔਰਤ ਨੇ ਗਾਲ੍ਹਾਂ ਕਢਦਿਆਂ ਭੁੱਖੀ ਇਹ ਵੀ ਕਿਹਾ ਕਿ “F— off ਇੰਡੀਅਨ, ਜਿੱਥੋਂ ਆਇਐਂ ਉਥੇ ਹੀ ਚਲਾ ਜਾਹ।’’ ਕਰੀਬ 21 ਸਾਲਾਂ ਤੋਂ ਆਸਟ੍ਰੇਲੀਆ ਦੇ ਨਾਗਰਿਕ ਭੁੱਪੀ ਦਾ ਕਹਿਣਾ ਹੈ ਕਿ ਉਹ ਘਟਨਾ ਵਾਲੀ ਥਾਂ ਦੇ ਇਲਾਕੇ ਜਾਣ ਤੋਂ ਵੀ ਡਰਦਾ ਹੈ।
ਪੁਲਿਸ ਨੇ Mikayla Smith ਨੂੰ ਗ੍ਰਿਫਤਾਰ ਕੀਤਾ ਹੈ। ਉਸ ’ਤੇ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਮਾਨਸਿਕ ਸਿਹਤ ਸਹੂਲਤ ਵਿੱਚ ਭੇਜਣ ਦਾ ਹੁਕਮ ਦਿੱਤਾ ਗਿਆ ਹੈ।
ਸਟੇਟ ਦੇ ਪ੍ਰੀਮੀਅਰ Chris Minns ਅਤੇ ਸਥਾਨਕ ਸੰਸਦ ਮੈਂਬਰਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਪੀੜਤ ਅਤੇ ਪਰਿਵਾਰ ਨੂੰ ਮਦਦ ਦਾ ਦਿੱਤਾ ਭਰੋਸਾ। ਇੱਕ ਬਿਆਨ ਜਾਰੀ ਕਰ ਕੇ ਉਨ੍ਹਾਂ ਕਿਹਾ, ‘‘NSW ’ਚ ਕਿਸੇ ਵਿਅਕਤੀ ਨੂੰ ਉਸ ਦੇ ਪਿਛੋਕੜ ਜਾਂ ਪਛਾਣ ਲਈ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।’’
ਇਸ ਘਟਨਾ ਨਾਲ ਸਿਡਨੀ ‘ਚ ਵਧ ਰਹੇ ਭਾਰਤੀ ਵਿਰੋਧੀ ਨਸਲਵਾਦ ਦਾ ਡਰ ਪੈਦਾ ਹੋ ਗਿਆ। ਕ੍ਰਿਕਟ ਮੈਚਾਂ, ਰੇਲ ਗੱਡੀਆਂ ਅਤੇ ਰੈਲੀਆਂ ਦੌਰਾਨ ਹਾਲ ਹੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਮਿਊਨਿਟੀ ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੱਖਣੀ ਏਸ਼ੀਆਈ ਲੋਕਾਂ ਪ੍ਰਤੀ ਆਨਲਾਈਨ ਫੈਲਾਈ ਜਾਂਦੀ ਨਫ਼ਰਤ ਹੁਣ ਸਰੀਰਕ ਹਿੰਸਾ ਵਿੱਚ ਵੀ ਬਦਲ ਰਹੀ ਹੈ। ਸੰਸਦ ਮੈਂਬਰ ਡੋਨਾ ਡੇਵਿਸ ਅਤੇ ਜੇਸਨ ਯਾਟ-ਸੇਨ ਲੀ ਨੇ ਪੀੜਤ ਨਾਲ ਇਕਜੁੱਟਤਾ ਜ਼ਾਹਰ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਨਿਊ ਸਾਊਥ ਵੇਲਜ਼ ਵਿੱਚ ਨਸਲਵਾਦ ਦੀ ਕੋਈ ਜਗ੍ਹਾ ਨਹੀਂ ਹੈ।





