ਮੈਲਬਰਨ : ਆਸਟ੍ਰੇਲੀਆ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਪਰਾਧਿਕ ਸਿੰਡੀਕੇਟਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਪਛਾਣ ਦਸਤਾਵੇਜ਼ਾਂ ਤਕ ਪਹੁੰਚ ਬਦਲੇ ਤੁਰੰਤ ਕੈਸ਼ ਦਿੰਦੇ ਹਨ। ਇਸ ਸਕੈਮ ਬਦਲੇ ਸਟੂਡੈਂਟਸ ਨੂੰ 200 ਤੋਂ 500 ਡਾਲਰ ਤਕ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਨਾਲ ਇਹ ਸਟੂਡੈਂਟਸ “money mules” ਵਿੱਚ ਬਦਲ ਜਾਂਦੇ ਹਨ। ਬਾਅਦ ’ਚ ਇਨ੍ਹਾਂ ਦੇ ਖਾਤਿਆਂ ਦਾ ਪ੍ਰਯੋਗ ਧੋਖਾਧੜੀਆਂ ਅਤੇ ਮਨੀ ਲਾਂਡਰਿੰਗ ਲਈ ਕੀਤਾ ਜਾਂਦਾ ਹੈ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਖਾਤੇ ਵੇਚਣ ਨਾਲ ਸਟੂਡੈਂਟਸ ਉਤੇ ਅਪਰਾਧਿਕ ਦੋਸ਼ ਲੱਗ ਸਕਦੇ ਹਨ, ਵੀਜ਼ਾ ਰੱਦ ਹੋ ਸਕਦਾ ਹੈ ਅਤੇ ਆਸਟ੍ਰੇਲੀਆਵ ਵਿੱਚ ਵਾਪਸ ਆਉਣ ’ਤੇ ਸਥਾਈ ਪਾਬੰਦੀ ਵੀ ਲਗਾਈ ਜਾ ਸਕਦੀ ਹੈ। ਇੱਥੋਂ ਤਕ ਕਿ ਆਸਟ੍ਰੇਲੀਆ ਨੂੰ ਛੱਡਣ ਮਗਰੋਂ ਵੀ ਸਟੂਡੈਂਟਸ ਦੀ ਜ਼ਿੰਮੇਵਾਰੀ ਖ਼ਤਮ ਨਹੀਂ ਹੁੰਦੀ, ਕਿਉਂਕਿ ਡਿਜੀਟਲ ਲੈਣ-ਦੇਣ ਦਾ ਪਤਾ ਦੁਨੀਆ ਭਰ ਵਿੱਚ ਲਗਾਇਆ ਜਾ ਸਕਦਾ ਹੈ। ਸਕੈਮਵਾਚ ਅਨੁਸਾਰ ਪਿਛਲੇ ਸਾਲ ਬੈਂਕ ਟਰਾਂਸਫਰ ਰਾਹੀਂ ਲੋਕਾਂ ਨਾਲ 141.7 ਮਿਲੀਅਨ ਡਾਲਰ ਦੀ ਧੋਖਾਧੜੀ ਹੋਈ। ਅਧਿਕਾਰੀਆਂ ਨੇ ਸਟੂਡੈਂਟਸ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਪੇਸ਼ਕਸ਼ਾਂ ਤੋਂ ਪਰਹੇਜ਼ ਕਰਨ ਅਤੇ ਪਛਾਣ ਨਾਲ ਸਮਝੌਤਾ ਹੋਣ ’ਤੇ IDCARE ਤੋਂ ਮਦਦ ਲੈਣ।
ਆਸਟ੍ਰੇਲੀਆ ’ਚ ਫੈਲਿਆ ਬੈਂਕ ਅਕਾਊਂਟ ਵੇਚਣ ਦਾ ਰਿਵਾਜ, AFP ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਾਰੀ ਕੀਤੀ ਚੇਤਾਵਨੀ





