20 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਦੋਸ਼ ਹੇਠ Mansa Group ਦੇ ਡਾਇਰੈਕਟਰ ਨੂੰ ਕੈਦ ਦੀ ਸਜ਼ਾ

ਮੈਲਬਰਨ : Mansa Group ਦੇ ਡਾਇਰੈਕਟਰ ਕ੍ਰਿਸ਼ਨਕੁਮਾਰ ਸੀਤਾਰਾਮ ਅਗਰਵਾਲ ਨੂੰ ਵੈਸਟਰਨ ਸਿਡਨੀ ਦੇ 150 ਤੋਂ ਵੱਧ ਪਰਿਵਾਰਾਂ ਨਾਲ ਜਾਅਲੀ ਪ੍ਰਾਪਰਟੀ ਡਿਵੈਲਪਮੈਂਟ ਸਕੀਮ ਰਾਹੀਂ 20 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਚਾਰ ਸਾਲ ਅਤੇ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਗਰਵਾਲ ਨੂੰ ਝੂਠੇ ਦਸਤਾਵੇਜ਼ਾਂ ਦੀ ਵਰਤੋਂ ਕਰਨ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਉਸ ਨੇ ਆਪਣੇ ਸਮਾਜਿਕ ਅਤੇ ਸਭਿਆਚਾਰਕ ਸਰਕਲ ਦੇ ਬਹੁਤ ਸਾਰੇ ਇਨਵੈਸਟਰਾਂ ਨੂੰ ਉੱਚ ਰਿਟਰਨ ਦਾ ਵਾਅਦਾ ਕਰ ਕੇ ਗੁੰਮਰਾਹ ਕੀਤਾ। ASIC ਦੀ ਜਾਂਚ ਤੋਂ ਪਤਾ ਲੱਗਾ ਕਿ ਉਸ ਨੇ ਬਿਨਾਂ ਸਹਿਮਤੀ ਦੇ ਡਾਇਰੈਕਟਰਾਂ ਨੂੰ ਹਟਾ ਦਿੱਤਾ ਅਤੇ ਝੂਠੇ ਬਹਾਨੇ ਨਾਲ ਕਰਜ਼ੇ ਪ੍ਰਾਪਤ ਕੀਤੇ, ਜਿਸ ਨਾਲ ਉਸ ਦੇ ਕੰਟਰੋਲ ਵਾਲੀਆਂ ਹੋਰ ਕੰਪਨੀਆਂ ਨੂੰ ਲਾਭ ਹੋਇਆ। ਉਸ ਨੂੰ ਮਿਲੀ ਸਜ਼ਾ ਦਾ ਪੀੜਤਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਉਸ ਨੂੰ 27 ਕੰਪਨੀਆਂ ਦੇ ਇੱਕ ਗੁੰਝਲਦਾਰ ਜਾਲ ਦੇ ਢਹਿ ਜਾਣ ਮਗਰੋਂ ਸਜ਼ਾ ਮਿਲੀ ਹੈ, ਜੋ ਹੁਣ ਦੀਵਾਲੀਆ ਪ੍ਰਕਿਰਿਆ ਵਿੱਚ ਹਨ।