ਪਹਿਲੀ ਵਿਸ਼ਵ ਜੰਗ ਤੋਂ 100 ਸਾਲ ਬਾਅਦ ਆਸਟ੍ਰੇਲੀਆ ਦੇ ਸਮੁੰਦਰੀ ਕੰਢੇ ’ਤੇ ਦੋ ਫ਼ੌਜੀਆਂ ਦੀ ਮਾਂ ਨੂੰ ਲਿਖੀ ਚਿੱਠੀ… ਭਾਵੁਕ ਹੋਏ ਲੋਕ

ਮੈਲਬਰਨ : ਆਸਟ੍ਰੇਲੀਆ ਦੇ ਵਾਰਟਨ ਬੀਚ ‘ਤੇ Deb Brown ਅਤੇ ਉਸ ਦੇ ਪਰਿਵਾਰ ਨੂੰ ਸਮੁੰਦਰੀ ਕੰਢੇ ‘ਤੇ ਇੱਕ 100 ਸਾਲ ਪੁਰਾਣੀ ਬੋਤਲ ਮਿਲੀ ਜਿਸ ਵਿੱਚ ਦੋ ਚਿੱਠੀਆਂ ਸਨ। 9 ਅਕਤੂਬਰ ਨੂੰ ਮਿਲੀਆਂ ਇਹ ਚਿੱਠੀਆਂ ਜਦੋਂ ਪਰਿਵਾਰਕ ਮੈਂਬਰਾਂ ਨੇ ਪੜ੍ਹੀਆਂ ਤਾਂ ਉਹ ਹੈਰਾਨ ਅਤੇ ਭਾਵੁਕ ਹੋ ਗਏ। ਇਹ ਚਿੱਠੀਆਂ ਦੋ ਆਸਟ੍ਰੇਲੀਆਈ ਫ਼ੌਜੀਆਂ ਨੇ ਲਿਖੀਆਂ ਸਨ ਅਤੇ ਇਸ ਨੂੰ ਇੱਕ ਬੋਤਲ ਵਿੱਚ ਬੰਦ ਕਰ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਦੌਰਾਨ ਇਹ ਦੋਵੇਂ ਫ਼ੌਜੀ ਪਹਿਲੀ ਵਿਸ਼ਵ ਜੰਗ ‘ਚ ਸ਼ਾਮਲ ਸਨ ਅਤੇ ਫਰਾਂਸ ਦੇ ਯੁੱਧ ਖੇਤਰਾਂ ਦੀ ਯਾਤਰਾ ਦੌਰਾਨ ਉਨ੍ਹਾਂ ਨੇ ਇਹ ਚਿੱਠੀਆਂ ਲਿਖ ਕੇ ਸਮੁੰਦਰ ‘ਚ ਛੱਡ ਦਿੱਤੀਆਂ ਸਨ। ਇਹ ਚਿੱਠੀਆਂ ਮਿਲਣ ਤੋਂ ਬਾਅਦ ਹਰ ਤਰਫ਼ ਇਨ੍ਹਾਂ ਦੀ ਚਰਚਾ ਹੈ।

ਪੁਰਾਤੱਤਵ ਵਿਭਾਗ ਦੇ ਲੋਕਾਂ ਨੇ ਦੱਸਿਆ ਕਿ ਕੱਚ ਦੀ ਮੋਟੀ ਬੋਤਲ ਦੇ ਅੰਦਰ ਪਹਿਲੇ ਵਿਸ਼ਵ ਯੁੱਧ ਦੇ ਦੋ ਫ਼ੌਜੀਆਂ ਦੇ ਸੁਨੇਹੇ ਸਨ। ਉਨ੍ਹਾਂ ਵਿਚੋਂ ਇਕ 27 ਸਾਲ ਦਾ ਪ੍ਰਾਈਵੇਟ ਮੈਲਕਮ ਨੇਵਿਲ ਅਤੇ ਦੂਜਾ 37 ਸਾਲ ਦਾ ਵਿਲੀਅਮ ਹਾਰਲੇ ਸੀ। ਉਨ੍ਹਾਂ ਨੇ ਇਹ ਚਿੱਠੀਆਂ 15 ਅਗਸਤ 1916 ਨੂੰ ਲਿਖੀਆਂ ਗਈਆਂ ਸਨ। ਚਿੱਠੀਆਂ ਮੁਤਾਬਕ ਦੋਵੇਂ ਜਵਾਨ ਐਚ.ਐਮ.ਏ.ਟੀ. ਏ70 ਬਲਾਰਟ ਜਹਾਜ਼ ’ਤੇ ਸਵਾਰ ਸਨ। ਇਹ ਜਹਾਜ਼ 12 ਅਗਸਤ, 1916 ਨੂੰ ਐਡੀਲੇਡ ਤੋਂ ਰਵਾਨਾ ਹੋਇਆ ਸੀ। ਇਹ ਦੋਵੇਂ ਸਿਪਾਹੀ ਆਪਣੀ ਬਟਾਲੀਅਨ ਨਾਲ 48ਵੀਂ ਆਸਟ੍ਰੇਲੀਅਨ ਇਨਫੈਂਟਰੀ ਬਟਾਲੀਅਨ ਨੂੰ ਮਜ਼ਬੂਤ ਕਰਨ ਜਾ ਰਹੇ ਸਨ।

27 ਸਾਲ ਦੇ ਨੇਵਿਲ ਨੇ ਆਪਣੀ ਮਾਂ ਨੂੰ ਲਿਖਿਆ ਕਿ ਉਹ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਬਹੁਤ ਵਧੀਆ ਸਮਾਂ ਬਤੀਤ ਕਰ ਰਿਹਾ ਹੈ। ਇੱਥੇ ਭੋਜਨ ਬਹੁਤ ਵਧੀਆ ਹੈ ਅਤੇ ਜਹਾਜ਼ ਡੋਲ ਰਿਹਾ ਹੈ, ਪਰ ਅਸੀਂ ਲਹਿਰਾਂ ਵਾਂਗ ਖੁਸ਼ ਹਾਂ। ਉਸ ਨੇ ਚਿੱਠੀ ’ਤੇ ਆਪਣਾ ਘਰ ਦਾ ਪਤਾ ਵੀ ਲਿਖਿਆ। ਹਾਲਾਂਕਿ, ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਮਾਂ ਦੀ ਮੌਤ 1916 ਵਿੱਚ ਹੋਈ ਸੀ। ਨੇਵਲ ਜੰਗ ’ਚ ਮਾਰਿਆ ਗਿਆ ਸੀ। ਜਦਕਿ ਹਾਰਲੇ ਸਹੀ ਸਲਾਮਤ ਘਰ ਪਰਤ ਆਇਆ ਸੀ।