ਮੈਲਬਰਨ : Women’s World Cup 2025 ਦੇ ਸੈਮੀਫ਼ਾਈਨਲ ਮੈਚ ਵਿੱਚ ਜੇਮਿਮਾ ਰੌਡਰਿਗਜ਼ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਵੀਰਵਾਰ ਨੂੰ ਨਵੀਂ ਮੁੰਬਈ ਵਿੱਚ ਪਿਛਲੀ ਚੈਂਪੀਅਨ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਕਦਮ ਰੱਖ ਲਿਆ। 339 ਦੌੜਾਂ ਦੇ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ, ਰੌਡਰਿਗਜ਼ ਨੇ 134 ਗੇਂਦਾਂ ’ਤੇ ਅਜੇਤੂ 127 ਦੌੜਾਂ ਦੀ ਯਾਦਗਾਰ ਪਾਰੀ ਖੇਡੀ, ਜਦੋਂ ਕਿ ਕਪਤਾਨ ਹਰਮਨਪ੍ਰੀਤ ਕੌਰ ਨੇ 88 ਗੇਂਦਾਂ ‘ਤੇ ਮਹੱਤਵਪੂਰਨ 89 ਦੌੜਾਂ ਬਣਾਈਆਂ। ਦੀਪਤੀ ਸ਼ਰਮਾ (24) ਅਤੇ ਰਿਚਾ ਘੋਸ਼ (26) ਨੇ ਵੀ ਸ਼ਾਨਦਾਰ ਯੋਗਦਾਨ ਪਾਇਆ, ਜਿਸ ਨਾਲ ਭਾਰਤ ਨੇ ਨੌਂ ਗੇਂਦਾਂ ਬਾਕੀ ਰਹਿੰਦੇ ਹੋਏ ਟੀਚੇ ਨੂੰ ਪੂਰਾ ਕਰ ਲਿਆ। ਫਾਈਨਲ ਵਿੱਚ ਭਾਰਤ ਦਾ ਸਾਹਮਣਾ 2 ਨਵੰਬਰ ਨੂੰ ਸਾਊਥ ਅਫਰੀਕਾ ਨਾਲ ਹੋਵੇਗਾ।
ਇਸ ਤੋਂ ਪਹਿਲਾਂ Phoebe Litchfield ਦੀਆਂ 119 ਦੌੜਾਂ ਅਤੇ Ellyse Perry (77) ਅਤੇ Ashleigh Gardner (63) ਦੇ ਅਰਧ ਸੈਂਕੜਿਆਂ ਦੀ ਬਦੌਲਤ ਆਸਟ੍ਰੇਲੀਆ ਨੇ ਭਾਰਤ ਨੂੰ 339 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ ਕੀਤਾ। ਆਸਟ੍ਰੇਲੀਆ ਦੀ ਟੀਮ ਆਪਣੀ ਪਾਰੀ ਵਿਚ ਇਕ ਗੇਂਦ ਬਾਕੀ ਰਹਿੰਦੇ ਹੀ 338 ਦੌੜਾਂ ‘ਤੇ ਆਲ ਆਊਟ ਹੋ ਗਈ।
ਭਾਰਤ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਅਜਿਹਾ ਮਹਿਲਾ ਅਤੇ ਮਰਦਾਨਾ ਕ੍ਰਿਕਟ ਦੇ ਇਤਿਹਾਸ ’ਚ ਪਹਿਲੀ ਵਾਰੀ ਹੈ ਕਿ ਕਿਸੇ ਵੀ ਨਾਕਆਊਟ ਮੈਚ ਵਿੱਚ ਕਿਸੇ ਟੀਮ ਨੇ 300 ਦੌੜਾਂ ਤੋਂ ਵੱਧ ਦਾ ਟੀਚਾ ਹਾਸਲ ਕੀਤਾ ਹੋਵੇ। ਮਹਿਲਾ ਕ੍ਰਿਕੇਟ ਦੇ ਇਤਿਹਾਸ ’ਚ ਇਹ ਸਭ ਤੋਂ ਵੱਧ ਸਫ਼ਲ ਰਨ-ਚੇਜ਼ ਹੈ। ਭਾਰਤ ਨੇ ਕਦੇ ਵੀ ਵਿਸ਼ਵ ਕੱਪ ਵਿੱਚ 200 ਤੋਂ ਵੱਧ ਦੌੜਾਂ ਦੇ ਟੀਚੇ ਨੂੰ ਹਾਸਲ ਨਹੀਂ ਕੀਤਾ ਹੈ। ਆਸਟ੍ਰੇਲੀਆ ਪਿਛਲੀ ਵਾਰੀ ਵੀ ਵਿਸ਼ਵ ਕੱਪ ’ਚ ਭਾਰਤ ਤੋਂ ਹੀ 2017 ਵਿੱਚ ਹਾਰਿਆ ਸੀ। ਅੱਜ ਦੀ ਹਾਰ ਨਾਲ ਆਸਟ੍ਰੇਲੀਆ ਦੀ ਰਿਕਾਰਡ ਲਗਾਤਾਰ 15 ਮੈਚਾਂ ਵਿੱਚ ਜਿੱਤ ਦੀ ਲੜੀ ਵੀ ਟੁੱਟ ਗਈ ਹੈ।
ਮਰਹੂਮ ਆਸਟ੍ਰੇਲੀਅਨ ਕ੍ਰਿਕਟਰ Ben Austin ਨੂੰ ਸ਼ਰਧਾਂਜਲੀ
ਮਹਿਲਾ ਵਿਸ਼ਵ ਕੱਪ ਦੇ ਸੈਮੀਫ਼ਾਈਨਲ ’ਚ ਮਰਹੂਮ ਆਸਟ੍ਰੇਲੀਅਨ ਕ੍ਰਿਕਟਰ Ben Austin ਨੂੰ ਸ਼ਰਧਾਂਜਲੀ ਦੇਣ ਲਈ ਭਾਰਤ ਅਤੇ ਆਸਟ੍ਰੇਲੀਆ ਦੀਆਂ ਖਿਡਾਰਨਾਂ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਮੈਚ ਖੇਡੀਆਂ। ਉਭਰਦੇ ਕ੍ਰਿਕਟਰ Ben Austin ਦੀ ਕਲ ਮੈਲਬਰਨ ’ਚ ਗੇਂਦ ਵੱਜਣ ਕਾਰਨ ਮੌਤ ਹੋ ਗਈ ਸੀ।
					
			



