ਮੈਲਬਰਨ : ਵਿਆਜ ਰੇਟ ’ਚ ਕਟੌਤੀ, ਸਰਕਾਰ ਦੀ ‘First Home Guarantee’ ਸਕੀਮ ਅਤੇ ਕੀਮਤਾਂ ’ਚ ਹੋਰ ਵਾਧੇ ਦੇ ਡਰ ਕਾਰਨ ਖ਼ਰੀਦਦਾਰੀ ਦੇ ਨਤੀਜੇ ਵਜੋਂ ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ ਨੇ ਚਾਰ ਸਾਲਾਂ ਦੀ ਸਭ ਤੋਂ ਤੇਜ਼ ਰਫ਼ਤਾਰ ਫੜ ਲਈ ਹੈ। ਸਤੰਬਰ ਤਿਮਾਹੀ ਦੌਰਾਨ ਕੈਪੀਟਲ ਸਿਟੀਜ਼ ਦੇ ਮਕਾਨਾਂ ਦੀ ਔਸਤਨ ਕੀਮਤ ’ਚ 35,000 ਡਾਲਰ ਦਾ ਵਾਧਾ ਹੋਇਆ।
ਜੁਲਾਈ ਤੋਂ ਸਤੰਬਰ ਦੌਰਾਨ ਸਿਡਨੀ ’ਚ ਮਕਾਨਾਂ ਦੀਆਂ ਕੀਮਤਾਂ 60,000 ਡਾਲਰ ਵਧ ਕੇ 1,751,728 ਡਾਲਰ ਹੋ ਗਈਆਂ। ਇਸ ਦੌਰਾਨ ਕੈਨਬਰਾ ਨੂੰ ਪਿੱਛੇ ਛੱਡ ਕੇ ਬ੍ਰਿਸਬੇਨ ਦੂਜੀ ਸਭ ਤੋਂ ਮਹਿੰਗੀ ਹਾਊਸਿੰਗ ਮਾਰਕੀਟ ਬਣ ਗਿਆ ਹੈ ਜਿੱਥੇ ਔਸਤ ਕੀਮਤ 1.1 ਮਿਲੀਅਨ ਡਾਲਰ ਹੋ ਗਈ ਹੈ। ਮੈਲਬਰਨ ’ਚ ਮਕਾਨਾਂ ਦੀਆਂ ਕੀਮਤਾਂ ਵਿੱਚ 23,000 ਡਾਲਰ ਦਾ ਵਾਧਾ ਵੇਖਿਆ ਗਿਆ। ਪਰਥ ਵਿੱਚ ਤਾਂ ਬੀਤੀ ਤਿਮਾਹੀ ਦੌਰਾਨ ਯੂਨਿਟ ਕੀਮਤਾਂ ਨੇ ਮਕਾਨਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਵੀ ਪਛਾੜ ਦਿੱਤਾ। ਇੱਥੇ ਯੂਨਿਟਾਂ ਦੀਆਂ ਕੀਮਤਾਂ ਵਿੱਚ 21,000 ਡਾਲਰ ਜਦਕਿ ਮਕਾਨਾਂ ਦੀ ਕੀਮਤਾਂ ਵਿੱਚ 15,000 ਡਾਲਰ ਦਾ ਵਾਧਾ ਹੋਇਆ।
ਉਧਰ ਵਧਦੀਆਂ ਕੀਮਤਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਮਕਾਨ ਮਾਲਕ ਆਪਣੇ ਮਕਾਨ ਸੇਲ ਲਈ ਲਿਸਟ ਕਰਨ ’ਚ ਦੇਰੀ ਕਰ ਰਹੇ ਹਨ, ਜਿਸ ਕਾਰਨ ਲਿਸਟਿੰਗ 2010 ਤੋਂ ਬਾਅਦ ਹੁਣ ਤਕ ਸਭ ਤੋਂ ਹੇਠਲੇ ਪੱਧਰ ’ਤੇ ਹੈ।
ਸਪਲਾਈ ਦੀ ਗੱਲ ਕਰੀਏ ਤਾਂ ਵਿਕਟੋਰੀਆ ’ਚ ਇਸ ਸਾਲ ਸਭ ਤੋਂ ਜ਼ਿਆਦਾ 55,000 ਮਕਾਨਾਂ ਦੀ ਉਸਾਰੀ ਹੋਈ, ਜਿਸ ਨਾਲ ਸਟੇਟ ਦੇ ਸਾਲਾਨਾ ਟੀਚੇ ਦਾ 90% ਪੂਰਾ ਹੋ ਗਿਆ। NSW ਵਿੱਚ ਟੀਚੇ ਦੇ ਸਿਰਫ਼ 50% ਮਕਾਨਾਂ ਦੀ ਉਸਾਰੀ ਪੂਰੀ ਹੋਈ ਹੈ। ਜਦਕਿ ਕੁਈਨਜ਼ਲੈਂਡ ਵਿੱਚ ਓਲੰਪਿਕ ਨਾਲ ਸਬੰਧਤ ਲੇਬਰ ਆਉਣ ਕਾਰਨ 70% ਤੋਂ ਵੱਧ ਟੀਚਾ ਪੂਰਾ ਹੋ ਗਿਆ ਹੈ।
| 1 | Sydney | 1,751,728 | 840,422 |
|---|---|---|---|
| 2 | Brisbane | 1,101,114 | 715,451 |
| 3 | Canberra | 1,100,392 | 597,929 |
| 4 | Melbourne | 1,083,043 | 590,597 |
| 5 | Adelaide | 1,048,773 | 632,660 |
| 6 | Perth | 981,259 | 560,471 |
| 7 | Hobart | 744,926 | 546,075 |
| 8 | Darwin | 656,858 | 388,504 |
| 9 | Combined capitals | 1,236,776 | 706,579 |





