ਵੈਸਟਰਨ ਆਸਟ੍ਰੇਲੀਆ ’ਚ ਪੰਜਾਬਣ ਨੇ ਰਚਿਆ ਇਤਿਹਾਸ, ਸਭ ਤੋਂ ਵੱਡੀ ਲੋਕਲ ਗਵਰਨਮੈਂਟ ਦੀ ਬਣੀ ਕੌਂਸਲਰ

ਮੈਲਬਰਨ : ਨਵ ਕੌਰ, ਜਿਸ ਦਾ ਪੂਰਾ ਨਾਮ ਨਵਦੀਪ ਕੌਰ ਹੈ, ਨੇ ਵੈਸਟਰਨ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ ਸਿਟੀ ਆਫ਼ ਸਵਾਨ ਦੀ ਕੌਂਸਲ ਚੋਣ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਇਸ ਸਿਟੀ ਦੀ ਪਹਿਲੀ ਪੰਜਾਬਣ ਔਰਤ ਹੈ ਜਿਸ ਨੇ ਕੌਂਸਲ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ।

ਇਸ ਚੋਣ ਵਿੱਚ ਕੁੱਲ ਦੱਸ ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿਚੋਂ ਨਵ ਕੌਰ ਨੇ ਸ਼ਾਨਦਾਰ ਜਿੱਤ ਹਾਸਲ ਕਰ ਕੇ ਸਾਰੀ ਭਾਰਤੀ ਅਤੇ ਪੰਜਾਬੀ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ ਹੈ। ਨਵ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਜੀ.ਜੀ.ਐਸ. ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ, ਜਿੱਥੇ ਉਹ ਸੂਬਾ ਪੱਧਰ ’ਤੇ ਗੋਲਡ ਮੈਡਲਿਸਟ ਰਹੀ ਅਤੇ ਆਪਣੀ ਪੂਰੀ ਇੰਜੀਨੀਅਰਿੰਗ ਦੌਰਾਨ ਕਈ ਵਜ਼ੀਫ਼ੇ (ਸਕਾਲਰਸ਼ਿਪ) ਪ੍ਰਾਪਤ ਕੀਤੇ।

ਇਸ ਤੋਂ ਬਾਅਦ, ਨਵ ਕੌਰ ਨੇ ਕਰਟਿਨ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ, ਵੈਸਟਰਨ ਆਸਟ੍ਰੇਲੀਆ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ। ਉਸ ਦੀ ਇਹ ਵਿਦਿਅਕ ਯਾਤਰਾ ਉਸ ਦੀ ਮਿਹਨਤ, ਲਗਨ ਅਤੇ ਲੀਡਰਸ਼ਿਪ ਸਮਰੱਥਾ ਦੀ ਗਵਾਹ ਹੈ। ਨਵ ਕੌਰ ਨੂੰ ਵੈਸਟਰਨ ਆਸਟ੍ਰੇਲੀਆ ਵਿੱਚ ਕੰਮ ਕਰਦੇ ਹੋਏ ਪੰਦਰਾਂ ਸਾਲ ਤੋਂ ਵੱਧ ਸਮਾਂ ਹੋ ਚੁਕਿਆ ਹੈ। ਇਸ ਦੌਰਾਨ ਉਸ ਨੇ ਤਿੰਨੋਂ ਪੱਧਰਾਂ — ਫੈਡਰਲ, ਸਟੇਟ ਅਤੇ ਲੋਕਲ ਗਵਰਨਮੈਂਟ — ਵਿੱਚ ਵਿਸ਼ਾਲ ਤਜਰਬਾ ਹਾਸਲ ਕੀਤਾ ਹੈ।

ਉਹ Department of Treasury, Department of Finance, Department of Training and Workforce Development, Department of Regional Development, Department of Agriculture and Food, Department of Fisheries, Department of Education, ਅਤੇ Department of Water ਵਿੱਚ ਮਹੱਤਵਪੂਰਨ ਅਹੁਦਿਆਂ ’ਤੇ ਰਹਿ ਚੁੱਕੀ ਹੈ।

ਨਵ ਕੌਰ ਨੇ ਫੈਡਰਲ ਸਰਕਾਰ ਨਾਲ ਮਿਲ ਕੇ Kaleidoscope Initiative ’ਤੇ ਵੀ ਕੰਮ ਕੀਤਾ ਹੈ ਅਤੇ ਉਹ City of Canning, City of Stirling, ਅਤੇ City of Swan ਨਾਲ ਮਜ਼ਬੂਤ ਸਬੰਧ ਰੱਖਦੀ ਹੈ। ਉਸ ਦਾ ਸਰਕਾਰੀ ਤਜਰਬਾ, ਪ੍ਰਬੰਧਕੀ ਸਮਰੱਥਾ ਅਤੇ ਕਮਿਊਨਿਟੀ ਪ੍ਰਤੀ ਸਮਰਪਣ ਉਸਨੂੰ ਇੱਕ ਪ੍ਰੇਰਣਾਦਾਇਕ ਨੇਤਾ ਬਣਾਉਂਦੇ ਹਨ।

ਨਵ ਕੌਰ ਦਾ ਪਰਿਵਾਰ ਰਾਜਨੀਤੀ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ, ਅਤੇ ਉਸ ਦੇ ਆਪਣੇ ਪਰਿਵਾਰਕ ਮੈਂਬਰ ਪੰਜਾਬ ਵਿੱਚ ਵੱਖ-ਵੱਖ ਪ੍ਰਸ਼ਾਸਕੀ ਅਤੇ ਰਾਜਨੀਤਿਕ ਅਹੁਦਿਆਂ ’ਤੇ ਰਹਿ ਚੁੱਕੇ ਹਨ — ਜਿਸ ਕਰਕੇ ਸੇਵਾ ਤੇ ਲੀਡਰਸ਼ਿਪ ਉਸ ਦੇ ਖੂਨ ਵਿੱਚ ਹੀ ਹੈ।

ਨਵ ਕੌਰ ਦੇ ਪਤੀ ਜਤਿੰਦਰ ਸਿੰਘ ਭੰਗੂ ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਅਤੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਵਿੱਚ ਪ੍ਰਿੰਸੀਪਲ ਆਰਕੀਟੈਕਟ ਵਜੋਂ ਸੇਵਾ ਨਿਭਾ ਰਹੇ ਹਨ। ਉਹ ਵੈਸਟਰਨ ਆਸਟ੍ਰੇਲੀਆ ਵਿੱਚ ਆਸਟ੍ਰੇਲੀਅਨ ਸਿੱਖ ਖੇਡਾਂ ਅਤੇ ਪੰਜਾਬੀ ਸਭਿਆਚਾਰ ਅਤੇ ਭਾਸ਼ਾ ਦੇ ਪ੍ਰਚਾਰ-ਪਸਾਰ ਲਈ ਸਮਾਜ ਸੇਵਾ ਵੀ ਕਰਦੇ ਰਹੇ ਹਨ। ਇਸ ਤੋਂ ਪਹਿਲਾਂ ਉਹ ਆਸਟ੍ਰੇਲੀਅਨ ਫ਼ੌਜ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ। ਜਤਿੰਦਰ ਸਿੰਘ ਭੰਗੂ ਅਤੇ ਨਵ ਕੌਰ ਦਾ ਪਿੰਡ ਪੰਜਾਬ ਵਿੱਚ ਭਾਈਕੇ ਪਿਸ਼ੌਰੇ, ਜ਼ਿਲ੍ਹਾ ਸੰਗਰੂਰ ਹੈ। ਨਵ ਕੌਰ ਦੇ ਸਹੁਰਾ ਸ. ਕਿਰਪਾਲ ਸਿੰਘ ਭੰਗੂ ਪਿੰਡ ਦੇ ਸਾਬਕਾ ਸਰਪੰਚ ਹਨ ਅਤੇ ਉਹ ਇਲਾਕੇ ਵਿੱਚ ਭਲਾਈ ਦੇ ਕੰਮ ਜਾਰੀ ਰੱਖਦੇ ਹਨ।

ਇਹ ਸਾਰੀ ਕਮਿਊਨਿਟੀ ਲਈ ਮਾਣ ਦੀ ਗੱਲ ਹੈ ਕਿ ਨਵ ਕੌਰ ਨੇ ਆਪਣੀ ਮਿਹਨਤ, ਸਮਰਪਣ ਅਤੇ ਖੁੱਲ੍ਹੇ ਦਿਲ ਨਾਲ ਸਿਰਫ਼ ਆਪਣੀ ਨਹੀਂ, ਸਗੋਂ ਆਪਣੇ ਪੇਕੇ ਅਤੇ ਸਹੁਰਾ ਦੋਵੇਂ ਪਰਿਵਾਰਾਂ ਦਾ ਨਾਮ ਚਮਕਾਇਆ ਹੈ।