ਆਕਲੈਂਡ : ਅਠਾਰਾਂ ਸਾਲ ਦੇ ਨਵਜੋਤ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਬਿਨਾਂ ਸਿਟੀਜ਼ਨਸ਼ਿਪ ਨਿਊਜ਼ੀਲੈਂਡ ਵਿੱਚ ਬਿਤਾਈ ਹੈ, ਕਿਉਂਕਿ ਉਸ ਦੇ ਮਾਤਾ-ਪਿਤਾ ਨੂੰ ਵਰਕ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਓਵਰਸਟੇਅ ਹੋਣ ਕਾਰਨ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ ਨਾ ਮਿਲ ਸਕੀ। ਮੰਤਰੀ ਦੇ ਦਖਲ ਰਾਹੀਂ ਸਿਟੀਜ਼ਨਸ਼ਿਪ ਦੀ ਨਵਜੋਤ ਸਿੰਘ ਦੀ ਬੇਨਤੀ ਨੂੰ ਪਿਛਲੇ ਹਫਤੇ ਐਸੋਸੀਏਟ ਇਮੀਗ੍ਰੇਸ਼ਨ ਮੰਤਰੀ Chris Penk ਨੇ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਨਵਜੋਤ ਸਿੰਘ ਦੀ ਆਖ਼ਰੀ ਉਮੀਦ ਵੀ ਖ਼ਤਮ ਹੋ ਗਈ।
ਤ੍ਰਾਸਦੀ ਇਹ ਹੈ ਕਿ ਨਿਊਜ਼ੀਲੈਂਡ ਵਿੱਚ ਜਨਮ ਲੈਣ ਅਤੇ ਏਨੇ ਸਾਲ ਇੱਥੇ ਰਹਿਦ ਤੋਂ ਬਾਅਦ ਵੀ ਉਹ ਕਦੇ ਸਕੂਲ ਨਹੀਂ ਗਿਆ ਕਿਉਂਕਿ ਉਸ ਨੂੰ ਗ਼ੈਰਕਾਨੂੰਨੀ ਮੰਨਿਆ ਗਿਆ। ਹੁਣ ਉਸ ਨੂੰ ਭਾਰਤ ਵਿੱਚ ਡਿਪੋਰਟ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ – ਇੱਕ ਅਜਿਹਾ ਦੇਸ਼ ਜਿਥੇ ਉਹ ਕਦੇ ਨਹੀਂ ਗਿਆ।
RNZ ਵਿੱਚ ਛਪੀ ਇਕ ਰਿਪੋਰਟ ਮੁਤਾਬਕ ਸਿਟੀਜ਼ਨਸ਼ਿਪ ਸੋਧ ਕਾਨੂੰਨ 2006 ’ਚ ਬਦਲਾਅ ਤੋਂ ਬਾਅਦ 2007 ’ਚ ਨਵਜੋਤ ਸਿੰਘ ਦਾ ਜਨਮ ਹੋਇਆ ਸੀ। ਨਤੀਜੇ ਵਜੋਂ, ਉਸ ਨੂੰ ਸਿਟੀਜ਼ਨਸ਼ਿਪ ਨਹੀਂ ਮਿਲ ਸਕੀ। ਕਿਉਂਕਿ ਨਵੇਂ ਕਾਨੂੰਨ ਅਨੁਸਾਰ ਸਿਰਫ਼ ਨਿਊਜ਼ੀਲੈਂਡ ’ਚ ਜਨਮ ਲੈਦ ਨਾਲ ਦੇਸ਼ ਦੀ ਸਿਟੀਜ਼ਨਸ਼ਿਪ ਨਹੀਂ ਮਿਲ ਜਾਂਦੀ।
ਨਵਜੋਤ ਸਿੰਘ ਨੂੰ ਪਹਿਲੀ ਵਾਰ ਆਪਣੀ ਸਥਿਤੀ ਬਾਰੇ ਪਤਾ ਲੱਗਾ ਜਦੋਂ ਉਹ ਅੱਠ ਸਾਲਾਂ ਦਾ ਸੀ। ਉਸ ਨੇ ਕਿਹਾ, ‘‘ਮੈਂ ਆਪਣੀ ਮੰਮੀ ਨੂੰ ਪੁੱਛਿਆ ਕਿ ਮੈਂ ਸਕੂਲ ਕਿਉਂ ਨਹੀਂ ਸੀ, ਅਤੇ ਫਿਰ ਉਸ ਨੂੰ ਮੈਨੂੰ ਦੱਸਣਾ ਪਿਆ। ਉਦੋਂ ਤੋਂ, ਮੈਂ ਡਰ ਵਿੱਚ ਰਹਿ ਰਿਹਾ ਹਾਂ।’’ ਨਵਜੋਤ ਸਿੰਘ ਦੇ ਪਿਤਾ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਜਦੋਂ ਉਹ ਸਿਰਫ ਪੰਜ ਦਿਨਾਂ ਦਾ ਸੀ ਅਤੇ ਉਸ ਦੀ ਮਾਂ ਨੇ 2012 ਵਿੱਚ ਆਪਣਾ ਕਾਨੂੰਨੀ ਦਰਜਾ ਗੁਆ ਦਿੱਤਾ ਸੀ। ਭਾਰਤ ਨਾਲ ਕੋਈ ਸਬੰਧ ਨਾ ਹੋਣ ਕਰ ਕੇ, ਉਸ ਨੂੰ ਡਰ ਹੈ ਕਿ ਉਹ ਉੱਥੇ ਜਿਉਂਦੇ ਰਹਿਣ ਲਈ ਸੰਘਰਸ਼ ਕਰੇਗਾ।
ਉਸ ਨੇ ਕਿਹਾ, ‘‘ਮੈਂ ਹਿੰਦੀ ਨਹੀਂ ਬੋਲਦਾ। ਮੈਂ ਸੁਣਿਆ ਹੈ ਕਿ ਉੱਚ ਯੋਗਤਾ ਵਾਲੇ ਲੋਕ ਉਥੇ ਨੌਕਰੀਆਂ ਨਹੀਂ ਲੱਭ ਸਕਦੇ, ਇਸ ਲਈ ਮੈਂ ਕੀ ਕਰਾਂਗਾ?’’
ਨਵਜੋਤ ਸਿੰਘ ਦੀ ਨੁਮਾਇੰਦਗੀ ਕਰਨ ਵਾਲੇ ਇਮੀਗ੍ਰੇਸ਼ਨ ਵਕੀਲ Alastair McClymont ਨੇ ਇਸ ਫੈਸਲੇ ਨੂੰ ‘ਅਣਮਨੁੱਖੀ’ ਕਰਾਰ ਦਿੱਤਾ ਅਤੇ ਸਰਕਾਰ ਨੂੰ ਨਿਰਪੱਖ ਪਹੁੰਚ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਜਨਮ ਤੋਂ ਬਾਅਦ 10 ਸਾਲਾਂ ਤਕ ਇੱਥੇ ਰਹਿਣ ਵਾਲੇ ਨੂੰ ਸਿਟੀਜ਼ਨਸ਼ਿਪ ਮਿਲਣੀ ਚਾਹੀਦੀ ਹੈ। ਜਿਵੇਂ ਹੋਰ ਕਈ ਦੇਸ਼ਾਂ ਵਿੱਚ ਹੁੰਦਾ ਹੈ।’’