ਧੋਖੇਬਾਜ਼ ਟਰੈਵਲ ਏਜੰਟਾਂ ਨੇ ਮੁੜ ਠੱਗੇ ਦੋ ਪੰਜਾਬੀ ਨੌਜੁਆਨ, ਆਸਟ੍ਰੇਲੀਆ ਦਾ ਵਾਅਦਾ ਕਰ ਕੇ ਪਹੁੰਚਾ ਦਿੱਤਾ ਇਰਾਨ

ਮੈਲਬਰਨ : ਵਿਦੇਸ਼ ਜਾਣ ਦੀ ਚਾਹਤ ਪੰਜਾਬੀਆਂ ਨੂੰ ਮਸ਼ਕਲਾਂ ’ਚ ਪਾ ਰਹੀ ਹੈ। ਰੁਜ਼ਗਾਰ ਲਈ ਨੌਜੁਆਨ ਅਤੇ ਉਨ੍ਹਾਂ ਦੇ ਪਰਿਵਾਰਾਂ ਵਾਲਿਆਂ ਤੋਂ ਲੱਖਾਂ ਰੁਪਏ ਲੈ ਕੇ ਟਰੈਵਲ ਏਜੰਟ ਉਨ੍ਹਾਂ ਨੂੰ ਧੋਖੇ ਨਾਲ ਅਜਿਹੀ ਥਾਂ ਭੇਜ ਦਿੰਦੇ ਹਨ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਬਣ ਰਹੀ ਹੈ।

ਪਿੱਛੇ ਜਿਹੇ ਤਿੰਨ ਨੌਜੁਆਨਾਂ ਨੂੰ ਇਰਾਨ ਵਿਚੋਂ ਛੁਡਵਾਉਣ ਤੋਂ ਬਾਅਦ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਹੋਰ ਨੌਜੁਆਨਾਂ ਨੂੰ ਆਸਟ੍ਰੇਲੀਆ ਭੇਜਣ ਦਾ ਵਾਅਦਾ ਕਰ ਕੇ ਅਸਲ ਵਿੱਚ ਇਰਾਨ ਭੇਜ ਦਿੱਤਾ ਗਿਆ, ਜਿਥੇ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ। ਟਰੈਵਲ ਏਜੰਟਾਂ ਵਲੋਂ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਂ ਉਤੇ ਮੋਟੀ ਰਕਮ ਵਸੂਲਣ ਤੋਂ ਬਾਅਦ ਵੀ ਬੱਚਿਆਂ ਨੂੰ ਅਗਵਾ ਕਰ ਕੇ ਮਾਪਿਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ।

ਪਿੰਡ ਰੱਤਾ ਗੁੱਤਾ ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਦੇ ਵਾਰੀ ਹਰਜਿੰਦਰ ਸਿੰਘ ਨੇ ਮੀਡੀਆ ਸਾਹਮਣੇ ਕਿਹਾ ਕਿ ਉਨ੍ਹਾਂ ਨੇ ਬੇਟੇ ਰੋਬਿਨਪ੍ਰੀਤ ਸਿੰਘ (22) ਨੂੰ ਆਸਟ੍ਰੇਲੀਆ ਭੇਜਣ ਲਈ ਟਰੈਵਲ ਏਜੰਟਾਂ ਕਾਰਤਿਕਾ ਅਤੇ ਬਲਜੀਤ ਕੌਰ ਨੂੰ 25 ਲੱਖ ਰੁਪਏ ਦਿਤੇ ਸਨ। ਪਰ ਭਾਰਤ ’ਚੋਂ ਨਿਕਲਣ ਤੋਂ ਬਾਅਦ ਅਗਲੇ ਦਿਨ ਹੀ ਉਨ੍ਹਾਂ ਨੂੰ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਅਤੇ ਕਿਹਾ ਗਿਆ ਕਿ ਉਨ੍ਹਾਂ ਦਾ ਮੁੰਡਾ ਤੇਹਰਾਨ ਸ਼ਹਿਰ (ਇਰਾਨ) ’ਚ ਹਿਰਾਸਤ ਵਿੱਚ ਹੈ। ਉਨ੍ਹਾਂ ਨੇ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਰੋਬਿਨਪ੍ਰੀਤ ਸਿੰਘ ਨੂੰ ਮਾਰ ਦਿੱਤਾ ਜਾਵੇਗਾ। ਅਗਵਾ ਕੀਤੇ ਨੌਜੁਆਨ ਦੀ ਕੁੱਟਮਾਰ ਦਾ ਵੀਡੀਓ ਵੀ ਮਾਪਿਆਂ ਨੂੰ ਭੇਜਿਆ ਗਿਆ।

ਅਜਿਹਾ ਹੀ ਕੁੱਝ ਗੱਟਾ ਮੁੰਡੀ ਕਾਸੂ ਤਹਿਸੀਲ ਸ਼ਾਹਕੋਟ ਜਲੰਧਰ ਦੇ ਗੁਰਨਾਮ ਸਿੰਘ ਨਾਲ ਵਾਪਰਿਆ। ਟਰੈਵਲ ਏਜੰਟ ਕਾਰਤਿਕਾ ਨੇ ਉਨ੍ਹਾਂ ਦੇ ਬੇਟੇ ਅਜੈ ਸਿੰਘ (18) ਨੂੰ ਆਸਟ੍ਰੇਲੀਆ ਭੇਜਣ ਦੇ ਨਾਂ ’ਤੇ 20 ਲੱਖ ਰੁਪਏ ਲਏ ਸਨ। ਟਰੈਵਲ ਏਜੰਟਾਂ ਦੇ ਫ਼ੋਨ ਅਤੇ ਦਫ਼ਤਰ ਬੰਦ ਹਨ। ਮਾਪਿਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਬੱਚਿਆਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ।