ਆਸਟ੍ਰੇਲੀਆ ’ਚ ਇਸ ਸਾਲ ਰਿਕਾਰਡਤੋੜ ਗਰਮੀ ਪੈਣ ਦੀ ਭਵਿੱਖਬਾਣੀ, ਅਕਤੂਬਰ ’ਚ ਤਿੰਨ ਥਾਵਾਂ ’ਤੇ ਟੁੱਟ ਸਕਦੈ ਗਰਮੀ ਦਾ ਰਿਕਾਰਡ

ਮੈਲਬਰਨ : ਅਕਤੂਬਰ ਦਾ ਮਹੀਨਾ ਆਸਟ੍ਰੇਲੀਆ ਵਿੱਚ ਗਰਮ ਹਵਾਵਾਂ ਅਤੇ ਬੁਸ਼ਫਾਇਰ ਤੋਂ ਲੈ ਕੇ ਤੂਫਾਨ, ਹੜ੍ਹ ਅਤੇ ਚੱਕਰਵਾਤ ਤੱਕ ਹਰ ਚੀਜ਼ ਦੇ ਵਧੇ ਹੋਏ ਜੋਖਮ ਦੀ ਸ਼ੁਰੂਆਤ ਦਾ ਮਹੀਨਾ ਹੁੰਦਾ ਹੈ।

ਇਸ ਸਾਲ, ਮੌਸਮ ਬਿਊਰੋ ਦਾ ਕਹਿਣਾ ਹੈ ਕਿ ਅਸਧਾਰਨ ਤੌਰ ’ਤੇ ਗਰਮ ਦਿਨ ਅਤੇ ਔਸਤ ਨਾਲੋਂ ਗਰਮ ਰਾਤਾਂ ਦੀ ਸੰਭਾਵਨਾ ਹੈ। ਮੌਸਮ ਬਿਊਰੋ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਗਰਮੀ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਮੌਸਮ ਵਿਗਿਆਨ ਬਿਊਰੋ ਦੀ ਸੀਨੀਅਰ ਮੌਸਮ ਵਿਗਿਆਨੀ Felicity Gamble ਦਾ ਕਹਿਣਾ ਹੈ ਕਿ ਤਸਮਾਨੀਆ ਲਈ ਖ਼ਾਸ ਤੌਰ ’ਤੇ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਸਭ ਤੋਂ ਵੱਧ ਹੈ। ਹਾਲਾਂਕਿ ਸਿਰਫ਼ ਨਿਊ ਸਾਊਥ ਵੇਲਜ਼ ਦੇ ਸਮੁੰਦਰੀ ਕੰਢੇ ਸਥਿਤ ਇਲਾਕਿਆਂ ’ਚ ਇਸ ਵਾਰੀ ਗਰਮੀ ਘੱਟ ਪੈਣ ਦੀ ਸੰਭਾਵਨਾ ਹੈ ਕਿਉਂਕਿ ਸਰਦੀਆਂ ਦੌਰਾਨ ਇੱਥੇ ਕਾਫ਼ੀ ਮੀਂਹ ਪਿਆ ਸੀ।

ਦੂਜੇ ਪਾਸੇ ਜੇਕਰ ਸਿਰਫ਼ ਇਸ ਮਹੀਨੇ ਦੀ ਗੱਲ ਕਰੀਏ ਤਾਂ ਤਿੰਨ ਸਟੇਟ ਅਕਤੂਬਰ ਦੇ ਰਿਕਾਰਡ ਉੱਚ ਤਾਪਮਾਨ ਵਲ ਵਧ ਰਹੇ ਹਨ। ਵੈਦਰਜ਼ੋਨ ਨੇ ਰਿਪੋਰਟ ਦਿੱਤੀ ਹੈ ਕਿ ਸਾਊਥ ਆਸਟ੍ਰੇਲੀਆ, ਕੁਈਨਜ਼ਲੈਂਡ, NSW ਅਤੇ ACT ਸਾਰੇ ਅਕਤੂਬਰ ਲਈ ਆਪਣੇ ਗਰਮੀ ਦੇ ਰਿਕਾਰਡ ਤੋੜ ਸਕਦੇ ਹਨ, ਤਾਪਮਾਨ 40 ਤੋਂ 45 ਡਿਗਰੀ ਤਕ ਜਾ ਸਕਦਾ ਹੈ।

ਇਸ ਗੱਲ ਦੀ ਸੰਭਾਵਨਾ ਹੈ ਕਿ ਅਕਤੂਬਰ ਦੇ ਅੰਤ ਤਕ ਸਾਊਥ ਆਸਟ੍ਰੇਲੀਆ ਦੇ Oodnadatta ਵਿੱਚ ਤਾਪਮਾਨ 45.4 ਡਿਗਰੀ ਦੇ ਰਿਕਾਰਡ ਨੂੰ ਪਾਰ ਕਰ ਸਕਦਾ ਹੈ। ਜਦਕਿ ਕੁਈਨਜ਼ਲੈਂਡ ਦੇ ਦੂਰ ਸਾਊਥ-ਵੈਸਟ ਵਿੱਚ ਅੱਜ ਤੋਂ ਲਗਾਤਾਰ ਪੰਜ ਦਿਨਾਂ ਦਾ ਤਾਪਮਾਨ 40 ਡਿਗਰੀ ਤੱਕ ਉੱਚਾ ਹੋਣ ਦੀ ਉਮੀਦ ਹੈ। ਨਿਊ ਸਾਊਥ ਵੇਲਜ਼ ਦਾ ਅਕਤੂਬਰ ਤਾਪਮਾਨ ਰਿਕਾਰਡ ਇਸ ਸਮੇਂ ਰਾਜ ਦੇ ਨੌਰਥ-ਵੈਸਟ ਵਿੱਚ 43.9 ਡਿਗਰੀ ਹੈ। ਮੰਗਲਵਾਰ ਨੂੰ ਉਪਰਲੇ ਵੈਸਟ ਦੇ ਕੁਝ ਹਿੱਸਿਆਂ ਵਿੱਚ 43 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ। ਹਾਲਾਂਕਿ ਸ਼ੁੱਕਰਵਾਰ ਦੁਪਹਿਰ ਅਤੇ ਸ਼ਾਮ ਨੂੰ ਸੰਭਾਵਤ ਤੂਫਾਨ ਤੋਂ ਬਾਅਦ, ਸਿਡਨੀ ਵਿੱਚ ਵੀਕਐਂਡ ਠੰਢਾ ਹੋਣ ਲਈ ਤਿਆਰ ਹੈ।

ਰਾਜਧਾਨੀ ਕੈਨਬਰਾ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਤਾਪਮਾਨ 32 ਡਿਗਰੀ ਤੱਕ ਪਹੁੰਚ ਸਕਦਾ ਹੈ, ਕੈਨਬਰਾ ਦਾ ਅਕਤੂਬਰ ਦਾ ਤਾਪਮਾਨ ਰਿਕਾਰਡ 32.7 ਡਿਗਰੀ ਹੈ।