ਮੈਲਬਰਨ : ਇਕ ਨਵੇਂ ਸਰਵੇਖਣ ਨੇ ਆਸਟ੍ਰੇਲੀਆ ਵਿੱਚ ਇਮੀਗਰੈਂਟਸ ਦੀ ਗਿਣਤੀ ’ਚ ਵਾਧੇ ਪ੍ਰਤੀ ਵਧ ਰਹੀ ਚਿੰਤਾ ਨੂੰ ਉਜਾਗਰ ਕੀਤਾ ਹੈ। ਇਹ ਸਰਵੇਖਣ ਇੰਸਟੀਚਿਊਟ ਆਫ ਪਬਲਿਕ ਅਫੇਅਰਜ਼ (IPA) ਵੱਲੋਂ Dynata ਕੰਪਨੀ ਦੇ ਜ਼ਰੀਏ ਅਕਤੂਬਰ 2025 ਦੇ ਮੱਧ ਵਿੱਚ ਕੀਤਾ ਗਿਆ, ਜਿਸ ਵਿੱਚ 71 ਫੀਸਦੀ ਆਸਟ੍ਰੇਲੀਅਨ ਲੋਕਾਂ ਨੇ ਮੰਗ ਕੀਤੀ ਕਿ ਇਮੀਗਰੇਸ਼ਨ ’ਤੇ ਟੈਂਪਰੇਰੀ ਰੋਕ ਲਗਾਈ ਜਾਵੇ, ਤਾਂ ਜੋ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਰਹਾਇਸ਼ ਵਰਗੀਆਂ ਬੁਨਿਆਦੀ ਸਹੂਲਤਾ ਪਹਿਲਾਂ ਤਿਆਰ ਹੋਣ।
ਸਰਵੇਖਣ ਮੁਤਾਬਕ, 18 ਤੋਂ 24 ਸਾਲ ਦੇ ਨੌਜਵਾਨਾਂ ਵਿੱਚੋਂ 74 ਫੀਸਦੀ ਲੋਕਾਂ ਨੇ ਇਮੀਗਰੇਸ਼ਨ ’ਤੇ ਰੋਕ ਦਾ ਸਮਰਥਨ ਕੀਤਾ, ਜੋ 2023 ਨਾਲੋਂ 24 ਫੀਸਦੀ ਵੱਧ ਹੈ। ਇਸ ਦੇ ਨਾਲ-ਨਾਲ, 77 ਫੀਸਦੀ ਜਵਾਬਦਾਤਾਵਾਂ ਨੇ ਕਿਹਾ ਕਿ ਬੇਹੱਦ ਮਾਈਗਰੇਸ਼ਨ ਸਮਾਜਿਕ ਵੰਡ ਵਧਾ ਰਹੀ ਹੈ, ਜਦਕਿ 60 ਫੀਸਦੀ ਲੋਕਾਂ ਨੇ ਮੌਜੂਦਾ ਇਮੀਗਰੇਸ਼ਨ ਪੱਧਰ ਨੂੰ ਬਹੁਤ ਉੱਚਾ ਕਿਹਾ।
ਇਹ ਸਰਵੇਖਣ ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਵੱਲੋਂ ਜਾਰੀ ਕੀਤੇ ਨਵੇਂ ਡੇਟਾ ਨਾਲ ਮਿਲਦਾ-ਜੁਲਦਾ ਹੈ, ਜਿਸ ਵਿੱਚ ਦਰਸਾਇਆ ਗਿਆ ਕਿ ਮਾਰਚ 2025 ਤੱਕ ਦੇ ਸਾਲ ਵਿੱਚ ਆਸਟ੍ਰੇਲੀਆ ਦੀ ਆਬਾਦੀ 1.6 ਫੀਸਦੀ ਵਧੀ, ਅਤੇ ਇਸ ਵਿੱਚੋਂ ਲਗਭਗ 3.15 ਲੱਖ ਲੋਕ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਰਾਹੀਂ ਆਏ।
IPA ਦੇ ਡਿਪਟੀ ਐਗਜ਼ੈਕਟਿਵ ਡਾਇਰੈਕਟਰ ਡੇਨੀਅਲ ਵਾਇਲਡ ਨੇ ਕਿਹਾ ਕਿ “ਬੇਲਗਾਮ ਮਾਈਗ੍ਰੇਸ਼ਨ” ਦੇ ਕਾਰਨ ਰਹਾਇਸ਼, ਸਰਕਾਰੀ ਸੇਵਾਵਾਂ ਅਤੇ ਸਮਾਜਕ ਏਕਤਾ ’ਤੇ ਭਾਰੀ ਦਬਾਅ ਪੈ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਰਾਜਨੀਤਿਕ ਆਗੂਆਂ ਨੂੰ ਲੋਕਾਂ ਦੇ ਵਧ ਰਹੇ ਅਸੰਤੋਸ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।