ਆਕਲੈਂਡ : ਨਿਊਜ਼ੀਲੈਂਡ ’ਚ ਵਾਇਆ ਕੈਨੇਡਾ ਡਰੱਗ ਦਾ ਧੰਦਾ ਕਰਨ ਵਾਲੇ ਆਕਲੈਂਡ ਦੇ ਦੋ ਪਰਿਵਾਰਾਂ ਨੂੰ ਨਿਊਜ਼ੀਲੈਂਡ ਪੁਲੀਸ ਨੇ ਤਕੜਾ ਝਕਟਾ ਦਿੱਤਾ ਹੈ, ਜਿਨ੍ਹਾਂ ਦੀਆਂ ਆਕਲੈਂਡ ’ਚ 36 ਮਿਲੀਅਨ ਡਾਲਰ ਦੀਆਂ ਪ੍ਰਾਪਰਟੀਜ਼ NZ ਪੁਲੀਸ ਨੇ ਜ਼ਬਤ ਕਰ ਲਈਆਂ ਹਨ। ਜੋ ਕਿ ਬੌਂਬੇ, ਕਰਾਕਾ, ਟੋਟਾਰਾ ਹਾਈਟਸ ਤੇ ਵਿਟਫੋਰਡ ’ਚ ਰੈਜੀਡੈਂਸ਼ਲ ਤੇ ਕਾਮਰਸ਼ੀਅਲ ਪ੍ਰਾਪਰਟੀਜ਼ ਹਨ।
ਇਹ ਕੇਸ 2023 ਵਿੱਚ Aiden Sagala ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਨੇ ਅਣਜਾਣੇ ਵਿੱਚ ਹਨੀ ਹਾਊਸ ਬੀਅਰ ਦੇ ਭੇਸ ਵਿੱਚ ਮੈਥ ਪੀਤਾ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਉਸ ਦੀ ਮੌਤ ਦੀ ਜਾਂਚ ਲਈ ‘ਆਪਰੇਸ਼ਨ ਲੇਵੈਂਡਰ’ ਸ਼ੁਰੂ ਕੀਤਾ ਸੀ। ਜਾਂਚ ਵਿੱਚ 700 ਕਿਲੋਗ੍ਰਾਮ ਤੋਂ ਵੱਧ ਮੈਥ ਦਾ ਖੁਲਾਸਾ ਹੋਇਆ – ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤ – ਅਤੇ ਇੱਕ ਗੁਪਤ ਲੈਬ ਵੀ ਮਿਲੀ। ਪੁਲਿਸ ਹੁਣ ਪੰਜ ਵਿਅਕਤੀਆਂ ਅਤੇ ਇੱਕ ਕੰਪਨੀ ਦੇ ਖਿਲਾਫ ਸਿਵਲ ਕਾਰਵਾਈ ਕਰ ਰਹੀ ਹੈ, ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਅਪਰਾਧ ਨੈਟਵਰਕ ਨੂੰ ਖਤਮ ਕਰਨਾ ਅਤੇ ਉਨ੍ਹਾਂ ਨੂੰ ਹੋਰ ਨਸ਼ੀਲੇ ਪਦਾਰਥਾਂ ਦੀ ਇੰਪੋਰਟ ਲਈ ਫੰਡ ਦੇਣ ਲਈ ਵਰਤੀਆਂ ਜਾਣ ਵਾਲੀਆਂ ਜਾਇਦਾਦਾਂ ਨੂੰ ਖੋਹਣਾ ਹੈ।
ਇਸ Honey House Beer ਕੇਸ ’ਚ ਹਿੰਮਤਜੀਤ ਸਿੰਘ ਕਾਹਲੋਂ ਨੂੰ 21 ਸਾਲ ਦੀ ਕੈਦ ਦੀ ਸਜ਼ਾ ਹੋ ਚੁੱਕੀ ਹੈ। ਜ਼ਿਕਰਯੋਗ ਹੈ ਇਸ ਕੇਸ ’ਚ ਆਕਲੈਂਡ ਦੇ ਜਿਹੜੇ ਦੂਜੇ 21 ਸਾਲ ਦੇ ਨੌਜਵਾਨ ਨੂੰ 22 ਸਾਲ ਦੀ ਕੈਦ ਹੋਈ ਹੈ, ਉਸ ਦਾ ਨਾਮ (Permanent name suppression) ਪ੍ਰਕਾਸ਼ਿਤ ਕਰਨ ’ਤੇ ਕੋਰਟ ਨੇ ਰੋਕ ਲਾਈ ਹੈ। ਪਰ ਉਸ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਣ ਕਰਕੇ ਕਰੀਬ 40 ਸਾਲਾਂ ਤੋਂ ਇਹ ਪਰਿਵਾਰ ਦੁਨੀਆ ਭਰ ਦੇ ਸਿੱਖ ਹਲਕਿਆਂ ’ਚ ਚਰਚਾ ਦਾ ਵਿਸ਼ਾ ਰਿਹਾ ਹੈ।