ਮੈਲਬਰਨ : ਪਰਦੀਪ ਤਿਵਾੜੀ ਨੇ ਮੁੜ Maribyrnong ਦੇ ਮੇਅਰ ਦਾ ਅਹੁਦਾ ਸੰਭਾਲ ਲਿਆ ਹੈ। ਦਰਅਸਲ ਪਰਦੀਪ ਤਿਵਾੜੀ ਉੱਤੇ ਜੂਨ 2024 ਵਿੱਚ ਪੁਲਿਸ ਨੇ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ, ਡਰਾਈਵਿੰਗ ਦੌਰਾਨ ਮੋਬਾਈਲ ਫ਼ੋਨ ਪ੍ਰਯੋਗ ਕਰਨ ਅਤੇ ਡਰਾਈਵਰ ਦੀ ਸੀਟ ਉਤੇ ਕਿਸੇ ਹੋਰ ਨੂੰ ਨਾ ਬਿਠਾਉਣ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਤਿਵਾੜੀ ਖ਼ੁਦ ’ਤੇ ਨਸਲਵਾਦੀ ਹਮਲਿਆਂ ਦੀ ਨਿੰਦਾ ਕਰਦੇ ਹੋਏ ਅਤੇ ਅਪਰਾਧ ਵਿਰੋਧੀ ਰੁਖ ਕਾਰਨ ਪੁਲਿਸ ਉਤੇ ਵੀ ਪੱਖਪਾਤ ਦਾ ਦੋਸ਼ ਲਾਉਂਦੇ ਹੋਏ ਅਸਥਾਈ ਤੌਰ ’ਤੇ ਆਪਣੀ ਭੂਮਿਕਾ ਤੋਂ ਵੱਖ ਹੋ ਗਏ।
ਹਾਲਾਂਕਿ ਹੁਣ ਅਦਾਲਤ ਨੇ ਉਨ੍ਹਾਂ ਵਿਰੁਧ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਤਿਵਾੜੀ ਨੂੰ ਸਿਰਫ਼ ਗੱਡੀ ਚਲਾਉਂਦੇ ਸਮੇਂ ਆਪਣੇ ਬੱਚੇ ਨੂੰ ਸਹੀ ਢੰਗ ਨਾਲ ਰੋਕਣ ਵਿੱਚ ਅਸਫਲ ਰਹਿਣ ਲਈ 450 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਤਿਵਾੜੀ ਨੇ ਦੋਸ਼ ਲਗਾਇਆ ਕਿ ਉਸ ਵਿਰੁਧ ਕੇਸ ਆਪਣੇ ਇਲਾਕੇ ਅੰਦਰ ਅਪਰਾਧ ਵਿਰੁਧ ਚਲਾਈ ਮੁਹਿੰਮ ਕਾਰਨ ਵਿਕਟੋਰੀਆ ਪੁਲਿਸ ਦੇ ਇੱਕ ਤਬਕੇ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਨਤੀਜਾ ਸੀ।