Epping ’ਚ ਪੰਜਾਬੀ ਔਰਤ ਨੂੰ ਕਤਲ ਕਰਨ ਦੇ ਦੋਸ਼ ਹੇਠ ਲੈਂਡਲਾਰਡ ਗ੍ਰਿਫ਼ਤਾਰ

ਮੈਲਬਰਨ : ਪੰਜਾਬੀ ਮੂਲ ਦੀ ਰਾਜਵਿੰਦਰ ਕੌਰ ਦੇ ਕਤਲ ਕੇਸ ਵਿੱਚ ਉਸ ਦੇ ਲੈਂਡਲਾਰਡ ਜਸਵਿੰਦਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿੱਛੇ ਜਿਹੇ ਆਸਟ੍ਰੇਲੀਆ ਆਈ 44 ਸਾਲ ਦੀ ਰਾਜਵਿੰਦਰ ਕੌਰ ਦਾ ਬੀਤੇ ਵੀਰਵਾਰ ਉਸ ਦੇ ਮੈਲਬਰਨ ਦੇ Epping ਸਥਿਤ ਕਿਰਾਏ ਦੇ ਘਰ ਅੰਦਰ ਕਤਲ ਕਰ ਦਿੱਤਾ ਗਿਆ ਸੀ। Rockbank ਦਾ ਰਹਿਣ ਵਾਲਾ ਜਸਵਿੰਦਰ ਗਿੱਲ (50) ਵੀਰਵਾਰ ਨੂੰ Gottloh Street ਸਥਿਤ ਘਰ ’ਚ ਇੱਕ Toyota Camry ਅੰਦਰ ਆਇਆ ਸੀ ਜਿਸ ਦੀਆਂ ਨੰਬਰ ਪਲੇਟਾਂ ਵੀ ਨਹੀਂ ਸਨ। ਘਰ ਅੰਦਰ ਜਾ ਕੇ ਉਸ ਨੇ ਪਹਿਲਾਂ hazmat suit ਪਹਿਨਿਆ, ਰਾਜਵਿੰਦਰ ਕੌਰ ਉੱਤੇ ਅਣਪਛਾਤੇ ਹਥਿਆਰ ਨਾਲ ਹਮਲਾ ਕੀਤਾ ਅਤੇ 27 ਮਿੰਟ ਬਾਅਦ ਕੱਪੜੇ ਬਦਲ ਕੇ ਉੱਥੋਂ ਚਲਾ ਗਿਆ। ਜਿਸ ਸਮੇਂ ਕਤਲ ਕੀਤਾ ਗਿਆ, ਰਾਜਵਿੰਦਰ ਕੌਰ ਦਾ ਪਤੀ ਵਿਦੇਸ਼ ਗਿਆ ਹੋਇਆ ਸੀ। ਕੰਮ ਤੋਂ ਘਰ ਪਰਤੇ ਉਸ ਦੇ ਪੁੱਤਰ ਨੂੰ ਉਸ ਦੀ ਖ਼ੂਨ ਨਾਲ ਲਥਪਥ ਲਾਸ਼ ਮਿਲੀ ਜਿਸ ਨੇ ਗੁਆਂਢੀਆਂ ਤੋਂ ਮਦਦ ਮੰਗ ਕੇ ਸ਼ਾਮ 5:50 ਵਜੇ ਪੁਲਿਸ ਨੂੰ ਸੱਦਿਆ। ਗਿੱਲ ਨੇ ਜ਼ਮਾਨਤ ਲਈ ਅਦਾਲਤ ’ਚ ਅਪਲਾਈ ਨਹੀਂ ਕੀਤਾ। ਊੁਸ ਨੂੰ ਫ਼ਰਵਰੀ ਤਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।