ਮੈਲਬਰਨ : ਆਸਟ੍ਰੇਲੀਆ ਦੀ ਆਕਸਫ਼ੈਮ ਸੰਸਥਾ ਵੱਲੋਂ ਜਾਰੀ ਨਵੀਂ ਰਿਪੋਰਟ ਅਨੁਸਾਰ ਦੇਸ਼ ਦਾ ਕੈਪੀਟਲ ਗੇਨ ਟੈਕਸ (CGT) ਡਿਸਕਾਉਂਟ ਅਮੀਰਾਂ ਨੂੰ ਹੀ ਸਭ ਤੋਂ ਵੱਧ ਲਾਭ ਪਹੁੰਚਾ ਰਿਹਾ ਹੈ। ਇਸ ਨਿਯਮ ਹੇਠ, ਜੇ ਕੋਈ ਨਿਵੇਸ਼ਕ ਆਪਣੀ ਸੰਪਤੀ ਜਾਂ ਸ਼ੇਅਰ ਇਕ ਸਾਲ ਤੋਂ ਵੱਧ ਰੱਖਦਾ ਹੈ, ਤਾਂ ਉਸ ਨੂੰ ਹੋਏ ਲਾਭ ’ਤੇ ਸਿਰਫ਼ ਅੱਧਾ ਟੈਕਸ ਦੇਣਾ ਪੈਂਦਾ ਹੈ।
ਰਿਪੋਰਟ ਮੁਤਾਬਕ, 2022–23 ਵਿੱਚ ਲਗਭਗ ਅੱਧੀਆਂ ਟੈਕਸ ਛੂਟਾਂ ਉਨ੍ਹਾਂ ਲੋਕਾਂ ਨੂੰ ਮਿਲੀਆਂ ਜੋ ਸਾਲਾਨਾ ਇੱਕ ਮਿਲੀਅਨ ਡਾਲਰ ਤੋਂ ਵੱਧ ਕਮਾਉਂਦੇ ਸਨ। ਇਸ ਦਾ ਮਤਲਬ ਹੈ ਕਿ ਅਮੀਰ ਵਰਗ ਅਰਬਾਂ ਡਾਲਰ ਬਚਾ ਰਿਹਾ ਹੈ, ਜਦਕਿ ਆਮ ਕਰਮਚਾਰੀ ਆਪਣੀ ਤਨਖ਼ਾਹ ’ਤੇ ਪੂਰਾ ਟੈਕਸ ਭਰਦੇ ਹਨ।
ਆਕਸਫ਼ੈਮ ਨੇ ਇਸ ਨੀਤੀ ਨੂੰ “ਗੈਰ-ਇਨਸਾਫ਼ੀ ਤੇ ਪੁਰਾਣੀ ਸੋਚ” ਕਿਹਾ ਹੈ ਤੇ ਸਰਕਾਰ ਤੋਂ ਇਸ ਨੂੰ ਖਤਮ ਕਰਨ ਜਾਂ ਸੋਧਣ ਦੀ ਮੰਗ ਕੀਤੀ ਹੈ, ਤਾਂ ਜੋ ਇਹ ਰਕਮ ਸਿਹਤ, ਸਿੱਖਿਆ ਤੇ ਘਰਾਂ ’ਤੇ ਖਰਚ ਹੋ ਸਕੇ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਹ ਛੋਟ ਪਹਿਲਾਂ ਲੰਬੇ ਸਮੇਂ ਦੇ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਦਿੱਤੀ ਗਈ ਸੀ, ਪਰ ਹੁਣ ਇਹ ਅਮੀਰ ਲੋਕਾਂ ਤੇ ਨਿਵੇਸ਼ਕਾਂ ਲਈ ਫਾਇਦੇ ਦਾ ਸੌਦਾ ਬਣ ਗਈ ਹੈ।