ਆਸਟ੍ਰੇਲੀਅਨ ਇਕੋਨਮੀ ਦਾ ਸੰਤੁਲਨ ਹਿਲਿਆ — ਬਿਲਡਿੰਗ ਅਪਰੂਵਲਾਂ ’ਚ ਗਿਰਾਵਟ ਨੇ ਖੜ੍ਹਾ ਕੀਤਾ ਖਤਰੇ ਦਾ ਸੰਕੇਤ!

ਮੈਲਬਰਨ : ਆਸਟ੍ਰੇਲੀਆ ਦੀ ਇਕੋਨਮੀ ਲਈ ਨਵੇਂ ਅੰਕੜੇ ਇੱਕ ਸਪੱਸ਼ਟ ਚੇਤਾਵਨੀ ਹਨ — ਵਿਕਾਸ ਦਾ ਪਹੀਆ ਹੌਲੀ-ਹੌਲੀ ਰੁਕਣ ਵੱਲ ਵੱਧ ਰਿਹਾ ਹੈ। Australian Bureau of Statistics (ABS) ਦੀ ਤਾਜ਼ਾ ਰਿਪੋਰਟ ਅਨੁਸਾਰ ਅਗਸਤ 2025 ’ਚ ਬਿਲਡਿੰਗ ਅਪਰੂਵਲਾਂ ’ਚ 6 ਫ਼ੀਸਦੀ ਗਿਰਾਵਟ ਹੋਈ ਹੈ, ਜਦਕਿ ਜੁਲਾਈ ’ਚ ਪਹਿਲਾਂ ਹੀ 10 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਲਗਾਤਾਰ ਦੋ ਮਹੀਨਿਆਂ ਦੀ ਇਹ ਗਿਰਾਵਟ ਇਕੋਨਮੀ ਲਈ ਇੱਕ ਚੇਤਾਵਨੀ ਦੀ ਘੰਟੀ ਹੈ।

ਸਭ ਤੋਂ ਵੱਧ ਚੋਟ ਅਪਾਰਟਮੈਂਟਾਂ ਅਤੇ ਟਾਊਨਹਾਊਸ ਪ੍ਰੋਜੈਕਟਾਂ ਨੂੰ ਲੱਗੀ — ਜਿੱਥੇ 10.6 ਫ਼ੀਸਦੀ ਦੀ ਕਮੀ ਹੋਈ। ਇਹ ਦਰਸਾਉਂਦਾ ਹੈ ਕਿ ਰਿਹਾਇਸ਼ੀ ਨਿਵੇਸ਼ਕਾਰ ਹੁਣ ਭਵਿੱਖ ਪ੍ਰਤੀ ਸਾਵਧਾਨ ਹੋ ਗਏ ਹਨ। ਡਿਟੈਚਡ ਹਾਊਸਾਂ ਦੀਆਂ ਇਜਾਜ਼ਤਾਂ ’ਚ ਵੀ 2.9 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

ਹਾਲਾਂਕਿ ਗੈਰ-ਰਿਹਾਇਸ਼ੀ ਨਿਰਮਾਣ (ਜਿਵੇਂ ਉਦਯੋਗਿਕ ਤੇ ਕਮਰਸ਼ੀਅਲ ਇਮਾਰਤਾਂ) ਨੇ ਕੁਝ ਸੰਤੁਲਨ ਬਣਾਇਆ ਹੈ, ਪਰ ਰਿਹਾਇਸ਼ੀ ਪ੍ਰੋਜੈਕਟਾਂ ਦੀ ਕੁੱਲ ਕੀਮਤ 3.1 ਫ਼ੀਸਦੀ ਘਟੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਭਵਿੱਖ ਦੇ ਨਿਵੇਸ਼, ਰੋਜ਼ਗਾਰ ਅਤੇ GDP ਦੀ ਗਤੀ ਉੱਤੇ ਸਿੱਧਾ ਅਸਰ ਪਾ ਸਕਦਾ ਹੈ। ਮਾਹਿਰ ਚੇਤਾਉਂਦੇ ਹਨ — “ਜੇ ਬਿਲਡਿੰਗ ਐਕਟੀਵਿਟੀ ਇਸੇ ਤਰ੍ਹਾਂ ਘਟਦੀ ਰਹੀ, ਤਾਂ ਅਰਥਵਿਵਸਥਾ ਦੀ ਧੜਕਣ ਹੋਰ ਹੌਲੀ ਹੋ ਸਕਦੀ ਹੈ।”