ਪਤਨੀ ਨੂੰ ਕਤਲ ਕਰਨ ਦੇ ਦੋਸ਼ਾਂ ’ਚ ਫਸੇ ਯਾਦਵਿੰਦਰ ਸਿੰਘ ਵਿਰੁਧ ਚੱਲੇਗਾ ਟਰਾਇਲ

ਮੈਲਬਰਨ : ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹੇ 46 ਸਾਲ ਦੇ ਯਾਦਵਿੰਦਰ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਮਨਜ਼ੂਰ ਨਹੀਂ ਕੀਤਾ ਹੈ। ਅਦਾਲਤ ਨੇ ਉਸ ਵਿਰੁਧ ਟਰਾਇਲ ਚਲਾਉਣ ਦਾ ਹੁਕਮ ਦਿੱਤਾ ਹੈ। ਯਾਦਵਿੰਦਰ ਸਿੰਘ ’ਤੇ ਦੋਸ਼ ਹੈ ਕਿ ਉਸ ਨੇ ਫਰਵਰੀ 2024 ਵਿੱਚ ਬ੍ਰਿਸਬੇਨ ਨੇੜੇ ਆਪਣੇ ਫਾਰਮ ਵਿੱਚ ਆਪਣੀ ਪਤਨੀ ਅਮਰਜੀਤ ਕੌਰ ਸਰਦਾਰ (41) ਦਾ ਇੱਟ ਮਾਰ ਕੇ ਕਤਲ ਕਰ ਦਿੱਤਾ ਸੀ। ਹਾਲਾਂਕਿ ਯਾਦਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਮਰਜੀਤ ਕੌਰ ਦੀ ਮੌਤ ਟਰੈਕਟਰ-ਸ਼ਲੈਸ਼ਰ ਕਾਰਨ ਹੋਈ ਸੀ ਅਤੇ ਇਹ ਇੱਕ ਹਾਦਸਾ ਸੀ। ਉਸ ਨੇ ਖ਼ੁਦ ਹੀ ਐਮਰਜੈਂਸੀ ਸੇਵਾਵਾਂ ਨੂੰ ਕਾਲ ਕੀਤੀ ਸੀ ਅਤੇ ਜਦੋਂ ਪੁਲਿਸ ਪਹੁੰਚੀ ਤਾਂ ਉਹ CPR ਕਰ ਰਿਹਾ ਸੀ। ਹਾਲਾਂਕਿ ਯਾਦਵਿੰਦਰ ਸਿੰਘ ਨੇ ਕੋਈ ਪਟੀਸ਼ਨ ਦਾਖਲ ਨਹੀਂ ਕੀਤੀ ਅਤੇ ਨਾ ਹੀ ਸਬੂਤ ਪੇਸ਼ ਕੀਤੇ।

ਫੋਰੈਂਸਿਕ ਮਾਹਰਾਂ ਨੇ ਅਮਰਜੀਤ ਕੌਰ ਦੀਆਂ ਸੱਟਾਂ ਨੂੰ ਮਸ਼ੀਨਰੀ ਕਾਰਨ ਹੋਏ ਹਾਦਸੇ ਵਾਲੀਆਂ ਨਹੀਂ ਦੱਸੀਆਂ। ਉਨ੍ਹਾਂ ਕਿਹਾ ਕਿ ਹਾਦਸੇ ਵਾਲੀ ਥਾਂ ਤੋਂ ਬਹੁਤ ਘੱਟ ਖ਼ੂਨ ਦਾ ਮਿਲਣਾ ਦਸਦਾ ਹੈ ਕਿ ਅਮਰਜੀਤ ਕੌਰ ਦੀ ਮੌਤ ਇਸ ਕਾਰਨ ਨਹੀਂ ਹੋਈ ਸੀ। ਫ਼ੋਰੈਂਸਿਕ ਮਾਹਰਾਂ ਨੇ ਅਮਰਜੀਤ ਕੌਰ ਦੀ ਮੌਤ ਸਿਰ ’ਚ ਸੱਟ ਲੱਗਣ ਕਾਰਨ ਹੋਈ ਦੱਸੀ ਹੈ ਅਤੇ ਉਸ ਦੀ ਲਾਸ਼ ਤੋਂ 40 ਕੁ ਮੀਟਰ ਦੂਰ ਇੱਕ ਇੱਟ ਵੀ ਬਰਾਮਦ ਕੀਤੀ ਹੈ ਜਿਸ ’ਤੇ ਉਸ ਦੇ ਸਿਰ ਦੇ ਵਾਲ ਮਿਲੇ ਹਨ। ਅਮਰਜੀਤ ਕੌਰ ਦੇ ਸਿਰ ’ਤੇ 25 ਸੱਟਾਂ ਲੱਗੀਆਂ ਸਨ ਅਤੇ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ।

ਇਹ ਵੀ ਪੜ੍ਹੋ : ਪੰਜਾਬਣ ਨੂੰ ਕਤਲ ਕਰਨ ਦੇ ਕੇਸ ’ਚ ਮੁਲਜ਼ਮ ਦੀ ਜ਼ਮਾਨਤ ਅਪੀਲ ਖ਼ਾਰਜ, ਅਦਾਲਤ ’ਚ ਹੋਇਆ ਹੈਰਾਨੀਜਨਕ ਨਵਾਂ ਪ੍ਰਗਟਾਵਾ – Sea7 Australia