ਆਸਟ੍ਰੇਲੀਆ ਫ਼ੌਜ ਦੇ ਆਧੁਨਿਕੀਕਰਨ ਤੇ ਲਾਵੇਗਾ 25 ਬਿਲੀਅਨ ਡਾਲਰ

ਮੈਲਬਰਨ : ਆਸਟ੍ਰੇਲੀਆ ਨੇ ਆਪਣੇ ਰੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ 25 ਬਿਲੀਅਨ ਆਸਟ੍ਰੇਲੀਅਨ ਡਾਲਰ ਦਾ ਇਤਿਹਾਸਕ ਆਧੁਨੀਕੀਕਰਨ ਪੈਕੇਜ ਜਾਰੀ ਕੀਤਾ ਹੈ। ਇਸ ਕਦਮ ਦਾ ਮਕਸਦ ਖੇਤਰ ਵਿੱਚ ਵੱਧ ਰਹੀਆਂ ਤਣਾਅਪੂਰਨ ਸਥਿਤੀਆਂ ਅਤੇ ਨਵੀਆਂ ਸੁਰੱਖਿਆ ਚੁਣੌਤੀਆਂ ਦਾ ਜਵਾਬ ਦੇਣਾ ਹੈ।

ਫ਼ਾਈਨੈਂਸ਼ੀਅਨ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਇਸ ਪ੍ਰੋਗਰਾਮ ਵਿੱਚ “Ghost Bat” ਡਰੋਨ, ਜੋ Boeing ਨਾਲ ਪਾਰਟਨਰਸ਼ਿਪ ਵਿੱਚ ਤਿਆਰ ਕੀਤੇ ਗਏ ਹਨ, ਦੀ ਖਰੀਦ ਵੀ ਸ਼ਾਮਲ ਹੈ। ਨਾਲ ਹੀ, “Ghost Shark” ਅੰਡਰਵਾਟਰ ਵੈਸਲਜ਼ ਵੀ ਮਿਲਣਗੀਆਂ, ਜੋ ਹਿੰਦ-ਪੈਸਿਫਿਕ ਖੇਤਰ ਵਿੱਚ ਨਿਗਰਾਨੀ ਅਤੇ ਹਮਲਾਵਰ ਸਮਰੱਥਾ ਵਧਾਉਣਗੀਆਂ। ਇਸ ਤੋਂ ਇਲਾਵਾ, ਆਸਟ੍ਰੇਲੀਆ Mogami-class ਫ੍ਰਿਗੇਟਸ ਵੀ ਖਰੀਦ ਰਹੀ ਹੈ, ਜੋ ਨੇਵੀ ਦੀ ਲੰਬੀ ਦੂਰੀ ਲੜਾਈ ਅਤੇ ਪਾਣੀ ਹੇਠਾਂ ਹਮਲਿਆਂ ਦਾ ਜਵਾਬ ਦੇਣ ਦੀ ਤਾਕਤ ਵਧਾਉਣਗੇ।

ਪੈਕੇਜ ਵਿੱਚ ਸ਼ਿਪਯਾਰਡ ਅੱਪਗਰੇਡ ਲਈ ਵੀ ਵੱਡੀ ਰਕਮ ਰੱਖੀ ਗਈ ਹੈ, ਤਾਂ ਜੋ ਘਰੇਲੂ ਪੱਧਰ ’ਤੇ ਹੀ ਲੜਾਕੂ ਸਮੁੰਦਰੀ ਜਹਾਜ਼ ਬਣਾਉਣ, ਮੁਰੰਮਤ ਕਰਨ ਤੇ ਰੱਖ-ਰਖਾਅ ਦੀ ਸਮਰੱਥਾ ਮਜ਼ਬੂਤ ਹੋ ਸਕੇ। ਸਰਕਾਰੀ ਅਧਿਕਾਰੀਆਂ ਮੁਤਾਬਕ, ਇਹ ਨਿਵੇਸ਼ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇਵੇਗਾ ਅਤੇ ਸਪਲਾਈ ਚੇਨ ’ਤੇ ਨਿਰਭਰਤਾ ਘਟਾਵੇਗਾ।

ਵਿਸ਼ਲੇਸ਼ਕ ਕਹਿੰਦੇ ਹਨ ਕਿ ਇਹ ਕਦਮ ਉਸ ਵੇਲੇ ਆਇਆ ਹੈ ਜਦੋਂ ਚੀਨ ਪੈਸਿਫਿਕ ਖੇਤਰ ਵਿੱਚ ਆਪਣਾ ਸੈਨਿਕ ਪਸਾਰਾ ਵਧਾ ਰਿਹਾ ਹੈ ਅਤੇ ਸਾਈਬਰ ਜੰਗ ਸਮੇਤ “ਗ੍ਰੇ-ਜ਼ੋਨ” ਖਤਰੇ ਉਭਰ ਰਹੇ ਹਨ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਯੋਜਨਾ ਨੂੰ “ਆਸਟ੍ਰੇਲੀਆ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਖੇਤਰੀ ਸਥਿਰਤਾ ਨੂੰ ਮਜ਼ਬੂਤ ਕਰਨ ਵੱਲ ਇੱਕ ਪੀੜ੍ਹੀ-ਨਿਰਧਾਰਤ ਕਦਮ” ਕਰਾਰ ਦਿੱਤਾ।

ਇਹ ਰੱਖਿਆ ਪੈਕੇਜ AUKUS ਸੁਰੱਖਿਆ ਭਾਈਚਾਰੇ ਦਾ ਹਿੱਸਾ ਹੈ, ਜਿਸ ਰਾਹੀਂ ਆਸਟ੍ਰੇਲੀਆ ਨੂੰ ਹਿੰਦ-ਪੈਸਿਫਿਕ ਵਿੱਚ ਸੰਤੁਲਨ ਕਾਇਮ ਕਰਨ ਵਾਲੇ ਮੁੱਖ ਖਿਡਾਰੀ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ।