12 ਸਾਲ ਦੇ ਪੰਜਾਬੀ ਬੱਚੇ ਨੂੰ ਕਰਨੀ ਪਵੇਗੀ ਮਾਪਿਆਂ ਅਤੇ ਆਸਟ੍ਰੇਲੀਆ ’ਚੋਂ ਕਿਸੇ ਇੱਕ ਦੀ ਚੋਣ

ਮੈਲਬਰਨ : ਮੈਲਬਰਨ ‘ਚ ਜਨਮੇ 12 ਸਾਲ ਦੇ ਆਸਟ੍ਰੇਲੀਅਨ ਸਿਟੀਜਨ ਅਭਿਜੋਤ ਸਿੰਘ ਨੂੰ ਦਿਲ ਦਹਿਲਾਉਣ ਵਾਲੀ ਦੁਬਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸ ਦੇ ਪੰਜਾਬੀ ਮਾਤਾ-ਪਿਤਾ ਅਮਨਦੀਪ ਕੌਰ ਅਤੇ ਸਟਿਵੇਨ ਸਿੰਘ ਨੂੰ 16 ਸਾਲ ਆਸਟ੍ਰੇਲੀਆ ’ਚ ਰਹਿਣ ਤੋਂ ਬਾਅਦ ਨਵੰਬਰ ਤੱਕ ਆਸਟ੍ਰੇਲੀਆ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਫੁੱਲ-ਟਾਈਮ ਨੌਕਰੀਆਂ ਅਤੇ ਸਾਫ਼ ਰਿਕਾਰਡ ਦੇ ਬਾਵਜੂਦ, ਉਨ੍ਹਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਤੋਂ ਇਨਕਾਰ ਕਰ ਦਿੱਤਾ ਗਿਆ ਹੈ। 2009 ’ਚ ਮੈਲਬਰਨ ਦੇ Wyndham Vale ’ਚ ਆ ਕੇ ਵਸੀ ਅਮਨਦੀਪ ਏਅਰਪੋਰਟ ਸਿਕਿਉਰਿਟੀ ’ਚ ਕੰਮ ਕਰਦੀ ਹੈ। ਜਦਕਿ ਸਟਿਵੇਨ ਡਰਾਈਵਰ ਵਜੋਂ ਕੰਮ ਕਰਦਾ ਹੈ।

ਅਭਿਜੋਤ, ਇੱਕ ਉਭਰਦਾ ਹੋਇਆ ਕ੍ਰਿਕਟਰ ਵੀ ਹੈ, ਜਿਸ ਨੂੰ ਏਨੀ ਛੋਟੀ ਉਮਰ ’ਚ ਆਸਟ੍ਰੇਲੀਆ ’ਚ ਇਕੱਲੇ ਰਹਿਣ ਜਾਂ ਆਪਣੇ ਮਾਪਿਆਂ ਨਾਲ ਪੰਜਾਬ ਜਾਣ ਦੀ ਚੋਣ ਕਰਨੀ ਪਵੇਗੀ। ਆਸਟ੍ਰੇਲੀਆ ’ਚ ਜਨਮੇ ਬੱਚਿਆਂ ਨੂੰ 10 ਸਾਲ ਦੇ ਹੋਣ ’ਤੇ ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ। ਪਰਿਵਾਰ ਵੱਲੋਂ ਕਾਨੂੰਨੀ ਚੈਨਲਾਂ ਰਾਹੀਂ ਅਤੇ ਮੰਤਰੀ ਦੀ ਦਖਲਅੰਦਾਜ਼ੀ ਦੀ ਬੇਨਤੀ ਨੂੰ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਰੱਦ ਕਰ ਦਿੱਤਾ ਗਿਆ।

ਇਮੀਗ੍ਰੇਸ਼ਨ ਦੇ ਵਕੀਲ Joseph Italiano ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਆਸਟ੍ਰੇਲੀਆਈ ਨੀਤੀ ਅਤੇ ਅੰਤਰਰਾਸ਼ਟਰੀ ਕਨਵੈਂਸ਼ਨਜ਼ ਦੋਵਾਂ ਦੇ ਉਲਟ ਹੈ। ਜੇ ਅਭਿਜੋਤ ਪੰਜਾਬ ਵਾਪਸ ਆ ਜਾਂਦਾ ਹੈ, ਤਾਂ ਉਹ ਭਾਰਤੀ ਕਨੂੰਨ ਦੇ ਤਹਿਤ ਆਪਣੀ ਆਸਟ੍ਰੇਲੀਆਈ ਨਾਗਰਿਕਤਾ ਗੁਆ ਸਕਦਾ ਹੈ, ਜਿਸ ਨਾਲ ਭਵਿੱਖ ਵਿੱਚ ਉਸ ਦੀ ਵਾਪਸੀ ਖਤਰੇ ਵਿੱਚ ਪੈ ਸਕਦੀ ਹੈ। ਹਾਲਾਂਕਿ ਪਰਿਵਾਰ ਹੁਣ ਆਸਟ੍ਰੇਲੀਆ ਵਿੱਚ ਇਕੱਠੇ ਰਹਿਣ ਲਈ ਹਾਈ ਕੋਰਟ ਦੀ ਅਪੀਲ ‘ਤੇ ਵਿਚਾਰ ਕਰ ਰਿਹਾ ਹੈ।