ਮੈਲਬਰਨ : ਦੁਬਈ ਵਿੱਚ ਏਸ਼ੀਆ ਕੱਪ 2025 ਦੇ ਸ਼ਾਨਦਾਰ ਅਤੇ ਵਿਵਾਦਪੂਰਨ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲਗਾਤਾਰ ਤੀਜੀ ਵਾਰੀ ਟਰਾਫ਼ੀ ਜਿੱਤ ਲਈ ਹੈ। ਮੈਚ ਦੇ ਹੀਰੋ ਤਿਲਕ ਵਰਮਾ ਰਹੇ ਜਿਸ ਨੇ 69 ਦੌੜਾਂ ਦੀ ਅਜੇਤੂ ਪਾਰੀ ਨਾਲ ਭਾਰਤ ਦੀ ਜਿੱਤ ਯਕੀਨੀ ਕੀਤੀ।
148 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰਦਿਆਂ ਭਾਰਤ ਨੇ ਇੱਕ ਵਾਰੀ ਤੀਜੇ ਓਵਰ ਵਿੱਚ 10 ਦੌੜਾਂ ਬਣਾ ਕੇ ਹੀ ਦੋ ਵਿਕਟਾਂ ਗੁਆ ਦਿਤੀਆਂ ਸਨ। ਪਰ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਤਿਲਕ ਵਰਮਾ ਨੇ ਪਾਕਿਸਤਾਨੀ ਗੇਂਦਬਾਜ਼ੀ ਦੇ ਤੂਫਾਨ ਦਾ ਸਾਹਮਣਾ ਕੀਤਾ ਜਦੋਂ ਕਿ ਦੂਜੇ ਸਿਰੇ ’ਤੇ ਵਿਕਟਾਂ ਡਿੱਗਦੀਆਂ ਰਹੀਆਂ। ਤਿਲਕ ਵਰਮਾ ਨੇ ਨਾਬਾਦ 69 ਦੌੜਾਂ ਬਣਾਈਆਂ।
ਦੋਹਾਂ ਦੇਸ਼ਾਂ ਵਿਚਕਾਰ ਪਿਛਲੇ ਦੋ ਮੈਚਾਂ ਵਾਂਗ ਇਸ ਮੈਚ ਦੌਰਾਨ ਵੀ ਮਈ ਵਿਚ ਹੋਈ ਭਾਰਤ-ਪਾਕਿ ਜੰਗ ਦਾ ਅਸਰ ਦਿਸਿਆ। ਮੈਚ ਦੇ ਸ਼ੁਰੂ ਵਿੱਚ ਦੋਹਾਂ ਕਪਤਾਨਾਂ ਨੇ ਹੱਥ ਨਹੀਂ ਮਿਲਾਏ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਸਲਮਾਨ ਆਗਾ ਨਾਲ ਟਰਾਫ਼ੀ ਦੇ ਫ਼ੋਟੋਸ਼ੂਟ ਤੋਂ ਵੀ ਇਨਕਾਰ ਕਰ ਦਿੰਤਾ ਅਤੇ ਆਗਾ ਇਕੱਲੇ ਹੀ ਟਰਾਫ਼ੀ ਨਾਲ ਦਿਸੇ। ਇਹੀ ਨਹੀਂ ਪਾਕਿਸਤਾਨ ਨੇ ਟਾਸ ਤੋਂ ਬਾਅਦ ਪ੍ਰੈਜ਼ੈਂਟਰਾਂ ਨਾਲ ਹੋਣ ਵਾਲੀ ਗੱਲਬਾਤ ’ਚ ਭਾਰਤੀ ਪ੍ਰੈਜ਼ੈਂਟਰ ਰਵੀ ਸ਼ਾਸਤਰੀ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਕ੍ਰਿਕਟ ਦੇ ਇਤਿਹਾਸ ’ਚ ਪਹਿਲੀ ਵਾਰੀ ਸੀ ਕਿ ਦੋਹਾਂ ਟੀਮਾਂ ਨੇ ਵੱਖੋ-ਵੱਖ ਪ੍ਰੈਜ਼ੈਂਟਰਾਂ ਨਾਲ ਗੱਲ ਕੀਤੀ।
ਇਹ ਟੂਰਨਾਮੈਂਟ ’ਚ ਭਾਰਤ ਅਤੇ ਪਾਕਿਸਤਾਨ ਦਾ ਤੀਜਾ ਮੈਚ ਸੀ ਅਤੇ ਇਕ ਵਾਰ ਫਿਰ, ਮੈਚ ਵਿਵਾਦ ਵਿਚ ਘਿਰ ਗਿਆ ਕਿਉਂਕਿ ਮੈਚ ਤੋਂ ਬਾਅਦ ਦੀ ਅਵਾਰਡ ਵੰਡ ਪ੍ਰੋਗਰਾਮ ਅਣਜਾਣ ਕਾਰਨਾਂ ਕਰਕੇ ਇਕ ਘੰਟੇ ਤੋਂ ਵੱਧ ਦੇਰੀ ਨਾਲ ਹੋਇਆ। ਚੈਂਪੀਅਨ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਤੋਂ ਜੇਤੂ ਦੀ ਟਰਾਫੀ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਬਗੈਰ ਟਰਾਫ਼ੀ ਤੋਂ ਹੀ ਜਿੱਤ ਦਾ ਜਸ਼ਨ ਮਨਾਉਂਦੇ ਦਿਸੇ।
ਸਮਾਰੋਹ ਸ਼ੁਰੂ ਹੋਣ ਤੋਂ ਬਾਅਦ, ਪੇਸ਼ਕਾਰ ਸਾਈਮਨ ਡੌਲ ਨੇ ਖੁਲਾਸਾ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਨੇ ਇਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹ ਆਪਣੇ ਮੈਡਲ ਜਾਂ ਏਸ਼ੀਆ ਕੱਪ ਟਰਾਫੀ ਨਕਵੀ ਤੋਂ ਨਹੀਂ ਲਵੇਗੀ, ਜੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ। ਉਨ੍ਹਾਂ ਨੇ ਭਾਰਤ-ਪਾਕਿ ਜੰਗ ਦੌਰਾਨ ਕਈ ਵਿਵਾਦਮਈ ਬਿਆਨ ਦਿੱਤੇ ਸਨ।
ਹਾਲਾਂਕਿ, ਭਾਰਤ ਦੇ ਖਿਡਾਰੀ ਵਰਮਾ, ਚੋਟੀ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਗੇਂਦਬਾਜ਼ ਕੁਲਦੀਪ ਯਾਦਵ ਆਪਣੇ ਚੈੱਕ ਲੈਣ ਲਈ ਪੇਸ਼ਕਾਰੀ ਖੇਤਰ ਵਿੱਚ ਗਏ, ਜੋ ਨਕਵੀ ਨੇ ਨਹੀਂ ਦੇਣੇ ਸਨ। ਕੁਝ ਮਿੰਟਾਂ ਬਾਅਦ, ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਉਨ੍ਹਾਂ ਦੇ ਸਾਥੀ ਟਰਾਫ਼ੀ ਤੋਂ ਬਗੈਰ ਹੀ ਆਪਣੇ ਨੌਵੇਂ ਏਸ਼ੀਆ ਕੱਪ ਖਿਤਾਬ ਦਾ ਜਸ਼ਨ ਮਨਾਉਂਦੇ ਹੋਏ ਦਿਸੇ।
ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਜਿੱਤ ਦੀ ਵਧਾਈ ਦਿੰਦਿਆਂ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ, ‘‘ਆਪਰੇਸ਼ਨ ਸਿੰਦੂਰ ਖੇਡ ਦੇ ਮੈਦਾਨ ’ਤੇ। ਨਤੀਜਾ ਉਹੀ ਰਿਹਾ- ਭਾਰਤ ਦੀ ਜਿੱਤ। ਸਾਡੇ ਕ੍ਰਿਕਟਰਾਂ ਨੂੰ ਵਧਾਈ।’’