ਮੈਲਬਰਨ : ਆਸਟ੍ਰੇਲੀਆ ’ਚ 2 ਅਕਤੂਬਰ ਤੋਂ 5 ਅਕਤੂਬਰ ਤਕ ਹੋਣ ਜਾ ਰਹੇ International Hockey Cup Melbourne 2025 ਵਿੱਚ ਕਈ ਮੰਨੇ-ਪ੍ਰਮੰਨੇ ਖਿਡਾਰੀ ਵੀ ਸ਼ਮੂਲੀਅਤ ਕਰ ਰਹੇ ਹਨ। ਇਨ੍ਹਾਂ ’ਚ ਇੱਕ ਨਾਂ ਰੁਪਿੰਦਰਪਾਲ ਸਿੰਘ ਦਾ ਵੀ ਸ਼ਾਮਲ ਹੋ ਗਿਆ ਹੈ ਜੋ ਐਡੀਲੇਡ ਸਿੱਖਜ਼ ਟੀਮ ਵੱਲੋਂ ਖੇਡਣਗੇ। ਦੁਨੀਆ ਦੇ ਬਿਹਤਰੀਨ ਡਰੈਗ-ਫ਼ਲਿੱਕਰਜ਼ ’ਚੋਂ ਇੱਕ ਗਿਣੇ ਜਾਂਦੇ ਅਤੇ ਤਾਕਤਵਰ ਡਿਫ਼ੈਂਡਰ ਰੁਪਿੰਦਰਪਾਲ ਸਿੰਘ ਦਾ ਜਨਮ ਪੰਜਾਬ ਦੇ ਫ਼ਰੀਦਕੋਟ ’ਚ ਹੋਇਆ ਸੀ ਅਤੇ ਉਨ੍ਹਾਂ ਨੇ 2010 ’ਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ 2020 ’ਚ ਲੰਮੀ ਦੇਰ ਬਾਅਦ ਟੋਕੀਓ ਓਲੰਪਿਕ ’ਚ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਵੀ ਹਿੱਸਾ ਰਹੇ ਹਨ। 1.94 ਮੀਟਰ ਲੰਮੇ ਰੁਪਿੰਦਰਪਾਲ ਸਿੰਘ ਨੇ ਭਾਰਤ ਲਈ 125 ਗੋਲ ਕੀਤੇ ਹਨ। ਹਾਲਾਂਕਿ 2020 ਓਲੰਪਿਕ ਤੋਂ ਬਾਅਦ ਉਨ੍ਹਾਂ ਇੰਟਰਨੈਸ਼ਨਲ ਹਾਕੀ ਤੋਂ ਸੰਨਿਆਸ ਲੈ ਲਿਆ ਸੀ ਪਰ ਉਨ੍ਹਾਂ ਦਾ ਤਜਰਬਾ ਅਤੇ ਹੁਨਰ ਐਡੀਲੇਡ ਸਿੱਖਜ਼ ਲਈ ਅਹਿਮ ਸਾਬਤ ਹੋਵੇਗਾ।