ਮੈਲਬਰਨ : ਕੈਲੀਫੋਰਨੀਆ ‘ਚ 30 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੀ 73 ਸਾਲ ਦੀ ਬੇਬੇ ਹਰਜੀਤ ਕੌਰ ਨੂੰ ਭਾਰਤ ਡੀਪੋਰਟ ਕਰ ਦਿੱਤਾ ਗਿਆ ਹੈ। ਕੈਲੇਫ਼ੋਰਨੀਆ ਦੇ Hercules ’ਚ ਰਹਿੰਦੀ ਇਸ ਬਜ਼ੁਰਗ ਸਿੱਖ ਔਰਤ ਨੂੰ 8 ਸਤੰਬਰ ਨੂੰ ICE ਦੀ ਰੁਟੀਨ ਜਾਂਚ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਦੇ ਪਰਿਵਾਰ ਨੂੰ ਬਗੈਰ ਸੂਚਿਤ ਕੀਤੇ ਹੀ ਉਸ ਨੂੰ ਹੋਰ ਸਟੇਟ ਵਿੱਚ ਭੇਜ ਦਿੱਤਾ ਗਿਆ। ਭਾਵੇਂ ਉਸ ਦੇ ਪਰਿਵਾਰ ਵੱਲੋਂ ਉਸ ਲਈ ਕਮਰਸ਼ੀਅਲ ਫ਼ਲਾਈਟ ਟਿਕਟ ਬੁੱਕ ਕੀਤੀ ਗਈ ਸੀ ਪਰ ਫਿਰ ਵੀ ਉਸ ਨੂੰ ਚਾਰਟਰ ਫਲਾਈਟ ਰਾਹੀਂ ਡੀਪੋਰਟ ਕੀਤਾ ਗਿਆ।
ਉਸ ਦੇ ਵਕੀਲਾਂ ਨੇ ਦੱਸਿਆ ਕਿ ਉਸ ਨੂੰ ਡੀਪੋਰਟ ਕੀਤੇ ਜਾਣ ਦੌਰਾਨ ਜ਼ੰਜੀਰਾਂ ਨਾਲ ਬੰਨ੍ਹਿਆ ਗਿਆ ਸੀ। ਇਹੀ ਨਹੀਂ ਹਿਰਾਸਤ ਦੌਰਾਨ ਵੀ ਉਸ ਨਾਲ ਅਣਮਨੁੱਖੀ ਵਤੀਰਾ ਕੀਤਾ ਗਿਆ। ਉਸ ਨੂੰ ਜ਼ਮੀਨ ’ਤੇ ਸੌਣ ਲਈ ਮਜਬੂਰ ਕੀਤਾ ਗਿਆ, ਸ਼ਾਕਾਹਾਰੀ ਭੋਜਨ ਨਹੀਂ ਦਿੱਤਾ ਗਿਆ, ਡਾਕਟਰੀ ਦੇਖਭਾਲ ਅਤੇ ਨਹਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ।
ਹਰਜੀਤ ਕੌਰ 1991 ਵਿੱਚ ਪੰਜਾਬ ਤੋਂ ਭੱਜ ਕੇ ਅਮਰੀਕਾ ਗਈ ਸੀ, ਉਸ ਨੇ ਕਈ ਪਨਾਹ ਦੇ ਦਾਅਵੇ ਦਾਇਰ ਕੀਤੇ ਅਤੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰਦੇ ਹੋਏ ਸਿਲਾਈ ਦਾ ਕੰਮ ਕੀਤਾ। ਉਸ ਦੇ ਕੇਸ ਨੇ ਸਥਾਨਕ ਸਿੱਖਾਂ ਵਿੱਚ ਗੁੱਸੇ ਪੈਦਾ ਕਰ ਦਿੱਤਾ ਹੈ ਅਤੇ ਉਸ ਨੂੰ ਡੀਪੋਰਟ ਹੋਣ ਤੋਂ ਰੋਕਣ ਲਈ ਪ੍ਰਦਰਸ਼ਨ ਵੀ ਕੀਤੇ ਗਏ ਸਨ। ਪਰ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕੀਤੀ ਗਈ। ਬਜ਼ੁਰਗ ਪ੍ਰਵਾਸੀਆਂ ਨਾਲ ਇਸ ਤਰ੍ਹਾਂ ਦੇ ਸਖ਼ਤ ਵਿਵਹਾਰ ਨੇ ਵਿਆਪਕ ਚਿੰਤਾਵਾਂ ਪੈਦਾ ਕਰ ਦਿੱਤਆਂ ਹਨ।