ਈਸਟ ਏਸ਼ੀਅਨ ਦੇਸ਼ ਫਿਲੀਪੀਨਜ਼ ’ਚ ਵੀ ਬਣੇਗਾ ਸਿੱਖ ਮਿਊਜ਼ੀਅਮ

ਮੈਲਬਰਨ : ਪੂਰੀ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਫਿਲੀਪੀਨਜ਼ ’ਚ ਵੀ ਸਿੱਖ ਇਤਿਹਾਸ ਨਾਲ ਜੁੜਿਆ ਮਿਊਜ਼ਿਮ ਬਣਾਇਆ ਜਾ ਰਿਹਾ ਹੈ। ਮਿਊਜ਼ੀਅਮ ਈਸਟ ਏਸ਼ੀਅਨ ਦੇਸ਼ ਫ਼ਿਲੀਪੀਨਜ਼ ਦੇ ਸ਼ਹਿਰ Urdaneta ’ਚ ਸਥਿਤ ਗੁਰ ਸ਼ਬਦ ਪ੍ਰਕਾਸ਼ ਗੁਰਦੁਆਰਾ ਸਾਹਿਬ ਦਾ ਉਪਰਾਲਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਫ਼ਿਲੀਪੀਨਜ਼ ’ਚ ਰਹਿੰਦੇ ਸਿੱਖ ਬੱਚਿਆਂ ਨੂੰ ਅਪਣੇ ਵਿਰਸੇ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਹੈ ਜਿੱਥੇ ਪਹਿਲਾਂ ਕੋਈ ਵੀ ਸਿੱਖ ਧਰਮ ਨਾਲ ਸਬੰਧਤ ਮਿਊਜ਼ੀਅਮ ਨਹੀਂ ਹੈ।

ਇਸ ਬਾਬਤ ਅੰਮ੍ਰਿਤਸਰ ਸਥਿਤ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਕਈ ਮਾਡਲ ਤਿਆਰ ਕੀਤੇ ਗਏ ਹਨ ਜੋ ਮਿਊਜ਼ੀਅਮ ’ਚ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸਿੱਖ ਧਰਮ ਦੇ ਇਤਿਹਾਸਿਕ ਸਥਾਨਾਂ ਅਤੇ ਘਟਨਾਵਾਂ ਦੇ ਧਾਰਮਿਕ ਮਾਡਲ ਤਿਆਰ ਕੀਤੇ ਗਏ ਹਨ, ਜੋ ਕਿ ਅੰਮ੍ਰਿਤਸਰ ਤੋਂ ਫਿਲੀਪੀਨਜ਼ ਦੀ ਧਰਤੀ ’ਤੇ ਭੇਜੇ ਜਾਣਗੇ। ਤਿਆਰ ਮਾਡਲਾਂ ਵਿੱਚ ਪੰਜ ਤਖ਼ਤ ਸਾਹਿਬਾਨ ਦੇ ਨਾਲ-ਨਾਲ ਹੀ ਸ੍ਰੀ ਨਨਕਾਣਾ ਸਾਹਿਬ ਦਾ ਤਕਰੀਬਨ 13 ਫੁੱਟ ਦਾ ਮਾਡਲ ਅਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਵੇਲੇ ਦਾ ਮਾਡਲ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਡਲਾਂ ਨੂੰ ਸਾਰੀ ਜ਼ਿੰਦਗੀ ਕੁੱਝ ਨਹੀਂ ਹੁੰਦਾ। ਜਲਦ ਹੀ ਇਹ ਮਾਡਲ ਸ਼ਿਪਿੰਗ ਰਾਹੀਂ ਫਿਲੀਪੀਨਜ਼ ਦੀ ਧਰਤੀ ਲਈ ਰਵਾਨਾ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਮਾਡਲ ਬਣਾਉਣ ਸਮੇਂ ਮਰਿਆਦਾ ਦੀ ਪੂਰੀ ਪਾਲਣਾ ਕੀਤੀ ਗਈ ਹੈ। ਸੁੱਚੇ ਹੱਥਾਂ ਨਾਲ ਚੱਪਲਾਂ ਨੂੰ ਦੂਰ ਰੱਖ ਕੇ ਸਿਰ ਢੱਕ ਕੇ ਇਹ ਕੰਮ ਕੀਤਾ ਜਾਂਦਾ ਹੈ।