ਬਲਦੇਵ ਸਿੰਘ ਮੁੱਟਾ ਅਤੇ ਜਨਮੇਜਾ ਸਿੰਘ ਜੌਹਲ ਨੇ ਮੈਲਬਰਨ ’ਚ ਪੇਰੈਂਟਿੰਗ ਅਤੇ ਬਾਗਬਾਨੀ ਦੇ ਗੁਰ ਸਾਂਝੇ ਕੀਤੇ

ਮੈਲਬਰਨ : ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਨੇ ਬੀਤੇ ਸੋਮਵਾਰ ਦੀ ਸ਼ਾਮ ਰਾਤਰੀ ਭੋਜ ਦੇ ਰੂਪ ਵਿੱਚ ਇਕ ਸਮਾਜਿਕ ਮਿਲਣੀ ਅਤੇ ਵਰਕਸ਼ਾਪ ਕੀਤੀ। ਇਸ ਮਿਲਣੀ ਵਿੱਚ ਆਪਣੇ-ਆਪਣੇ ਖੇਤਰਾਂ ਦੇ ਦੋ ਮਾਹਿਰ ਅਤੇ ਤਜਰਬੇਕਾਰ ਵਿਦਵਾਨ ਸ. ਬਲਦੇਵ ਸਿੰਘ ਮੁੱਟਾ ਜੀ ਅਤੇ ਸ. ਜਨਮੇਜਾ ਸਿੰਘ ਜੌਹਲ ਜੀ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ।

ਮਿਲਣੀ ਵਿੱਚ ਇਨ੍ਹਾਂ ਮਾਹਿਰਾਂ ਵਲੋਂ ਸਾਂਝੇ ਕੀਤੇ ਵਿਚਾਰਾਂ ਨੇ ਹਾਜ਼ਰ ਮਾਪਿਆਂ ਅਤੇ ਬੱਚਿਆਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਛੱਡਿਆ। ਇਹ ਪ੍ਰੋਗਰਾਮ ਸਿਰਫ਼ ਇਕ ਸਮਾਜਿਕ ਮਿਲਣੀ ਨਾ ਰਹਿ ਕੇ ਸਗੋਂ ਇਕ ਸਿੱਖਿਆਦਾਇਕ ਅਨੁਭਵ ਸੀ, ਜਿਸ ਵਿੱਚ ਜੀਵਨ ਸੇਧ, ਸਮਾਜਕ ਚੇਤਨਾ, ਪੇਰੈਂਟਿੰਗ ਅਤੇ ਕੁਦਰਤ ਨਾਲ ਜੁੜੇ ਵਿਸ਼ਿਆਂ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ।

ਇਸ ਕਾਰਜਸ਼ਾਲਾ ਦੌਰਾਨ ਗੱਲਬਾਤ ਮੁੱਖ ਤੌਰ ’ਤੇ “ਮਾਪਿਆਂ ਦੀਆਂ ਚੁਣੌਤੀਆਂ ਅਤੇ ਹੱਲ” ਦੇ ਨਾਲ ਹੀ “ਕੁਦਰਤ ਰਾਹੀਂ ਜੀਵਨ ਵਿੱਚ ਆਉਂਦੇ ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਦੇ ਤਰੀਕੇ” ਵਿਸ਼ਿਆਂ ਉੱਤੇ ਕੇਂਦਰਿਤ ਰਹੀ।

ਸ. ਬਲਦੇਵ ਮੁੱਟਾ ਜੀ ਨੇ ਮਾਪਿਆਂ ਅਤੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੇਰੈਂਟਿੰਗ ਬਾਰੇ ਕਈ ਪ੍ਰਭਾਵਸ਼ਾਲੀ ਜੁਗਤਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਬੱਚਿਆਂ ਨੂੰ ਮੁੱਢ ਤੋਂ ਹੀ ਆਤਮਨਿਰਭਰ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੇ ਤਜਰਬੇਕਾਰ ਵਿਚਾਰਾਂ ਨੇ ਮਾਪਿਆਂ ਨੂੰ ਇਹ ਸਮਝਾਉਣ ਵਿੱਚ ਮਦਦ ਕੀਤੀ ਕਿ ਬੱਚਿਆਂ ਨੂੰ ਆਤਮ-ਵਿਸ਼ਵਾਸੀ, ਸੁਤੰਤਰ ਅਤੇ ਜ਼ਿੰਮੇਵਾਰ ਬਣਾਉਣਾ ਸਮੇਂ ਦੀ ਲੋੜ ਹੈ।

ਸ. ਜਨਮੇਜਾ ਸਿੰਘ ਜੌਹਲ ਜੀ ਨੇ ਬੱਚਿਆਂ ਨੂੰ ਬਾਗਬਾਨੀ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਤਾਬਾਂ ਤੋਂ ਇਲਾਵਾ ਜ਼ਿੰਦਗੀ ਦੇ ਸਭ ਤੋਂ ਸੁੰਦਰ ਸਬਕ ਕੁਦਰਤ ਤੋਂ ਸਿੱਖੇ ਜਾ ਸਕਦੇ ਹਨ। ਜੌਹਲ ਸਾਹਿਬ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਖ਼ਾਸ ਤੌਰ ’ਤੇ ਬੱਚਿਆਂ ਨੂੰ ਬਾਗਬਾਨੀ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੁਦਰਤ ਨਾਲ ਸੰਬੰਧ ਬੱਚਿਆਂ ਦੀ ਰਚਨਾਤਮਕਤਾ, ਧੀਰਜ ਅਤੇ ਸਿਹਤਮੰਦ ਸੋਚ ਨੂੰ ਮਜ਼ਬੂਤ ਕਰਦਾ ਹੈ।

ਜ਼ਿਕਰਯੋਗ ਹੈ ਕਿ ਜਿੱਥੇ ਸ. ਬਲਦੇਵ ਸਿੰਘ ਮੁੱਟਾ ਜੀ ਦਾ ਪੇਰੈਂਟਿੰਗ, ਪਰਿਵਾਰਕ ਰਿਸ਼ਤੇ ਅਤੇ ਭਾਈਚਾਰਕ ਸਰਗਰਮੀਆਂ ਵਿੱਚ ਲੰਮਾ ਅਨੁਭਵ ਹੈ, ਉੱਥੇ ਸ. ਜਨਮੇਜਾ ਸਿੰਘ ਜੌਹਲ ਜੀ, ਇੱਕ ਪ੍ਰਸਿੱਧ ਸਾਹਿਤਕਾਰ, ਫੋਟੋਗ੍ਰਾਫਰ , ਬਾਗਬਾਨੀ ਸਾਹਿਤ ਦੇ ਪ੍ਰੇਮੀ ਅਤੇ ਪੰਜਾਬੀ ਭਾਸ਼ਾ ਨਾਲ ਜੁੜੇ ਖੋਜਕਾਰ ਹਨ।

ਇਸ ਮੌਕੇ ਮਸ਼ਹੂਰ ਵਲੌਗਰ Punjabi Travel Couple ਰਿਪਨ ਅਤੇ ਖ਼ੁਸ਼ੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੌਜੂਦ ਮਾਪਿਆਂ ਨੇ ਇਸ ਵਰਕਸ਼ਾਪ ਨੂੰ ਇੱਕ ਬਹੁਤ ਹੀ ਲੋੜੀਂਦਾ ਉੱਦਮ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜੋਕੇ ਤਣਾਅ ਭਰੇ ਮਾਹੌਲ ਵਿੱਚ ਅਜਿਹੀਆਂ ਗਤੀਵਿਧੀਆਂ ਸਾਡੇ ਭਾਈਚਾਰੇ ਦੀ ਵੱਡੀ ਲੋੜ ਹਨ, ਜੋ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਵਿੱਚ ਪ੍ਰੇਰਿਤ ਕਰਦੀਆਂ ਹਨ।

ਵਰਕਸ਼ਾਪ ਦੇ ਅੰਤ ਵਿੱਚ ਸਾਰਿਆਂ ਨੇ ਇਕੱਠਿਆਂ ਭੋਜਨ ਛਕਿਆ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਦੌਰਾਨ ਅਕੈਡਮੀ ਨੇ PCHS Melbourne ਵੱਲੋਂ ਗੁਰਭਾਗ ਚਾਹਲ ਜੀ ਅਤੇ ਪਰਮਿੰਦਰ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਹ ਮਿਲਣੀ ਇੱਕ ਸਿੱਖਿਆਦਾਇਕ ਅਤੇ ਪ੍ਰੇਰਣਾਦਾਇਕ ਅਨੁਭਵ ਹੋ ਨਿੱਬੜੀ। ਅਕੈਡਮੀ ਵਲੋਂ ਆਏ ਮਹਿਮਾਨਾਂ ਨੂੰ ਸਤਿਕਾਰ ਵਜੋਂ ਦੁਸ਼ਾਲੇ ਭੇਂਟ ਕੀਤੇ ਗਏ । ਇਸ ਮੌਕੇ ਹਾਜ਼ਰੀਨ ਦਾ ਸੰਸਥਾ ਵੱਲੋਂ ਅਮਰਦੀਪ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਅੱਗੇ ਵੀ ਅਜਿਹੇ ਸੇਧ ਦੇਣ ਵਾਲੇ ਪ੍ਰੋਗਰਾਮ ਕਰਦੇ ਰਹਿਣਗੇ।