ਔਰਤ ਨੂੰ ਟਰੱਕ ਹੇਠ ਦਰੜਨ ਦੇ ਇਲਜ਼ਾਮ ’ਚ ਗੁਰਪ੍ਰੀਤ ਸਿੰਘ ਅਦਾਲਤ ’ਚ ਪੇਸ਼

ਮੈਲਬਰਨ : ਨੌਰਥ NSW ਵਿੱਚ ਇੱਕ ਭਿਆਨਕ ਹਾਦਸੇ ਨਾਲ ਸਬੰਧਤ ਗੰਭੀਰ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਅੱਜ ਪਹਿਲੀ ਵਾਰ ਅਦਾਲਤ ’ਚ ਪੇਸ਼ ਕੀਤਾ ਗਿਆ। 24 ਸਾਲ ਦੇ ਗੁਰਪ੍ਰੀਤ ਸਿੰਘ ਨੂੰ ਸ਼ਨੀਵਾਰ ਨੂੰ ਪੈਰਾਮਾਟਾ ਬੇਲ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ।

18 ਸਤੰਬਰ ਦੀ ਸ਼ਾਮ ਨੂੰ Moree ਦੇ ਸਾਊਥ ਵਿੱਚ Newell Highway ’ਤੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਕਾਰ ਦੀ ਡਰਾਈਵਰ 21 ਸਾਲ ਦੀ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਗੁਰਪ੍ਰੀਤ ਸਿੰਘ ਵੀ ਜ਼ਖਮੀ ਹੋ ਗਿਆ ਸੀ। ਉਸ ’ਤੇ ਖਤਰਨਾਕ ਡਰਾਈਵਿੰਗ ਕਾਰਨ ਮੌਤ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਾਰਨ ਮੌਤ ਦੇ ਦੋਸ਼ ਲਗਾਏ ਗਏ ਹਨ। ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਗੁਰਪ੍ਰੀਤ ਸਿੰਘ ਨੂੰ ਚੰਗਾ ਵਿਵਹਾਰ ਕਰਨ, ਰੋਜ਼ਾਨਾ ਬਲੈਕਟਾਊਨ ਪੁਲਿਸ ਨੂੰ ਰਿਪੋਰਟ ਕਰਨ, ਆਪਣਾ ਪਾਸਪੋਰਟ ਸੌਂਪਣ ਅਤੇ ਇੰਟਰਨੈਸ਼ਨਲ ਏਅਰ ਪੋਰਟ ਤੋਂ 500 ਮੀਟਰ ਦੇ ਅੰਦਰ ਨਾ ਜਾਣ ਲਈ ਕਿਹਾ ਗਿਆ ਹੈ। ਉਸ ਉਤੇ ਗੱਡੀ ਜਾਂ ਮੋਟਰਸਾਈਕਲ ਚਲਾਉਣ ’ਤੇ ਵੀ ਪਾਬੰਦੀ ਹੈ।