ਮੈਲਬਰਨ : Shepparton ਵਿੱਚ ਵਧਦੇ ਅਪਰਾਧਾਂ ਨੂੰ ਠੱਲ੍ਹ ਪਾਉਣ ਦੀ ਮੰਗ ਹੇਠ ਅੱਜ ਲੋਕਲ ਆਗੂ ਕਮਲ ਢਿੱਲੋਂ ਨੇ ਵਿਕਟੋਰੀਆ ਦੇ ਸ਼ੈਡੋ ਪੁਲਿਸ ਮੰਤਰੀ ਡੇਵਿਡ ਸਾਊਥਵਿਕ (ਐੱਮ.ਪੀ.), ਸੂਬਾਈ ਸੰਸਦ ਮੈਂਬਰਾਂ ਕਿਮ ਓ ਕੀਫ਼ (ਐੱਮ.ਪੀ.), ਵੈਂਡੀ ਲਾਵਲ (ਐੱਮ.ਪੀ.) ਅਤੇ Shepparton ਪੁਲਿਸ ਅਧਿਕਾਰੀਆਂ ਨਾਲ ਅਹਿਮ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਸ਼ੈਡੋ ਪੁਲਿਸ ਮੰਤਰੀ ਵੱਲੋਂ ਖੇਤਰ ਵਿੱਚ ਵੱਧ ਤੋਂ ਵੱਧ ਸਰੋਤ ਮੁਹੱਈਆ ਕਰਵਾਉਣ ਦਾ ਪ੍ਰਸਤਾਵ ਰੱਖਿਆ ਗਿਆ, ਤਾਂ ਜੋ ਸ਼ੈਪਰਟਨ ਅਤੇ ਆਲੇ-ਦੁਆਲੇ ਵਧ ਰਹੀਆਂ ਅਪਰਾਧ ਦਰਾਂ ’ਤੇ ਰੋਕ ਲਾਈ ਜਾ ਸਕੇ।
ਕਮਲ ਢਿੱਲੋਂ ਨੇ ਖ਼ਾਸ ਕਰ ਕੇ ਸੀ.ਬੀ.ਡੀ. ਖੇਤਰ ਅਤੇ ਮਾਲ ਵਿੱਚ ਮਹਿਲਾ ਵਪਾਰੀਆਂ ਅਤੇ ਖਰੀਦਦਾਰਾਂ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਸਾਹਮਣੇ ਰੱਖੀਆਂ। ਇਸ ਦੇ ਨਾਲ ਹੀ ਖੇਤਰ ਵਿੱਚ ਪੁਲਿਸ ਅਧਿਕਾਰੀਆਂ ਦੀ ਭਾਰੀ ਘਾਟ ਨੂੰ ਵੀ ਉਜਾਗਰ ਕੀਤਾ ਗਿਆ।
ਕਮਲ ਢਿੱਲੋਂ ਨੇ ਕਿਹਾ, ‘‘ਸਾਡੇ ਵੱਲੋਂ ਸਰਕਾਰ ਨੂੰ ਸਪੱਸ਼ਟ ਅਤੇ ਤਗੜਾ ਸੁਨੇਹਾ ਦਿੱਤਾ ਗਿਆ ਹੈ ਕਿ Shepparton ਦੀ ਜਨਤਾ, ਖ਼ਾਸ ਕਰ ਕੇ ਮਹਿਲਾ ਵਪਾਰੀ ਅਤੇ ਪਰਿਵਾਰ, ਸੁਰੱਖਿਅਤ ਵਾਤਾਵਰਣ ਦੇ ਹੱਕਦਾਰ ਹਨ। ਸਾਡੀ ਕਮਿਊਨਿਟੀ ਨੂੰ ਤੁਰੰਤ ਵੱਧ ਸਰੋਤ ਅਤੇ ਮਜ਼ਬੂਤ ਸਹਿਯੋਗ ਦੀ ਲੋੜ ਹੈ। ਅਸੀਂ ਸ਼ੈਡੋ ਮੰਤਰੀ, ਸਥਾਨਕ ਸੰਸਦ ਮੈਂਬਰਾਂ ਅਤੇ ਸ਼ੈਪਟਨ ਪੁਲਿਸ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਕਮਿਊਨਿਟੀ ਦੇ ਨਾਲ ਖੜ੍ਹੇ ਰਹੇ।’’ MPs ਨੇ ਇਸ ਮੌਕੇ ਰਿਟੇਲਰਜ਼ ਅਤੇ ਲੋਕਲ ਪੁਲਿਸ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਰਪੇਸ਼ ਚੁਨੌਤੀਆਂ ਨੂੰ ਵੀ ਸੁਣਿਆ।