ਆਸਟ੍ਰੇਲੀਆ ਦੇ ਟ੍ਰੇਡ ਕਾਮਿਆਂ ਵਿਚ ਮਾਨਸਿਕ ਸਿਹਤ ਦਾ ਸੰਕਟ!

ਮੈਲਬਰਨ : ਆਸਟ੍ਰੇਲੀਆ ਦੇ 19 ਲੱਖ ਟ੍ਰੇਡੀਜ਼ (ਹੱਥੀਂ ਕੰਮ ਕਰਨ ਵਾਲੇ ਮਜ਼ਦੂਰਾਂ) ਬਾਰੇ ਨਵੇਂ ਕੌਮੀ ਸਰਵੇਖਣ ਨੇ ਗੰਭੀਰ ਮਾਨਸਿਕ ਸਿਹਤ ਸੰਕਟ ਦਾ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ 84 ਫੀਸਦੀ ਟ੍ਰੇਡੀਜ਼ ਲਗਾਤਾਰ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਦਕਿ 75 ਫੀਸਦੀ ਕਹਿੰਦੇ ਹਨ ਕਿ ਉਨ੍ਹਾਂ ਦਾ ਕੰਮ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਨਕਾਰਾਤਮਕ ਅਸਰ ਪਾਂਦਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਹਰ ਪੰਜਵੇਂ ਟ੍ਰੇਡੀ ਨੇ ਨੌਕਰੀ ਦੇ ਤਣਾਅ ਕਾਰਨ ਖੁਦਕੁਸ਼ੀ ਦੇ ਵਿਚਾਰ ਆਉਣ ਦੀ ਗੱਲ ਕਬੂਲੀ ਹੈ। ਲੰਬੇ ਘੰਟੇ, ਸਰੀਰਕ ਮਿਹਨਤ ਅਤੇ ਆਰਥਿਕ ਦਬਾਅ ਇਸ ਦੇ ਮੁੱਖ ਕਾਰਣ ਮੰਨੇ ਜਾ ਰਹੇ ਹਨ।

ਇਸ ਸੰਕਟ ਨਾਲ ਨਿਪਟਣ ਲਈ “4:01 ਕਲੱਬ” ਮੁਹਿੰਮ ਨੂੰ ਨੈਸ਼ਨਲ ਟ੍ਰੇਡੀਜ਼ ਡੇ ਦੇ ਮੌਕੇ ’ਤੇ ਸ਼ੁਰੂ ਕੀਤਾ ਗਿਆ। ਇਸ ਦਾ ਮਕਸਦ ਟ੍ਰੇਡੀਜ਼ ਨੂੰ ਸ਼ਾਮ 4:01 ਵਜੇ ਕੰਮ ਮੁਕਾ ਕੇ ਕਸਰਤ ਕਰਨ, ਸਮਾਜਿਕ ਤੌਰ ’ਤੇ ਜੁੜਨ ਅਤੇ ਮਾਨਸਿਕ ਸਿਹਤ ’ਤੇ ਖੁੱਲ੍ਹੇ ਤੌਰ ’ਤੇ ਗੱਲ ਕਰਨ ਲਈ ਪ੍ਰੇਰਿਤ ਕਰਨਾ ਹੈ।

ਮਾਹਰ ਮੰਨਦੇ ਹਨ ਕਿ ਇਹ ਨਤੀਜੇ ਸਰਕਾਰ ਅਤੇ ਨੌਕਰਦਾਤਾਵਾਂ ਲਈ ਚੇਤਾਵਨੀ ਹਨ ਅਤੇ ਟ੍ਰੇਡੀਜ਼ ਵਰਗੇ ਵੱਡੇ ਵਰਕਫੋਰਸ ਦੀ ਸਿਹਤ ਲਈ ਵਧੀਆ ਸਹਾਇਤਾ ਪ੍ਰਣਾਲੀਆਂ ਲਿਆਉਣ ਦੀ ਲੋੜ ਹੈ।