ਆਸਟ੍ਰੇਲੀਆ ਦੀ ਪ੍ਰਮੁੱਖ ਯੂਨੀਵਰਸਿਟੀ ਨੇ ਕੀਤੀ 130 ਸਟਾਫ਼ ਮੈਂਬਰਾਂ ਦੀ ਛਾਂਟੀ, ਕਈ ਕੋਰਸ ਵੀ ਬੰਦ

ਮੈਲਬਰਨ : ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ (UTS) ਨੇ ਵੱਡੇ ਪੱਧਰ ‘ਤੇ ਖਰਚਿਆਂ ਵਿੱਚ ਕਟੌਤੀ ਲਈ ਆਪਣੇ 130 ਸਟਾਫ ਮੈਂਬਰਾਂ ਦੀ ਛੁੱਟੀ ਕਰ ਦਿੱਤੀ ਹੈ ਅਤੇ 1000 ਤੋਂ ਵੱਧ ਵਿਸ਼ਿਆਂ ਦੀ ਪੜ੍ਹਾਈ ਨੂੰ ਬੰਦ ਕਰ ਦਿੱਤਾ ਹੈ। ਸਿਡਨੀ ਦੇ ਕੇਂਦਰ ਵਿੱਚ ਸਥਿਤ ਅਤੇ 51,000 ਵਿਦਿਆਰਥੀਆਂ ਵਾਲੀ ਯੂਨੀਵਰਸਿਟੀ ਨੇ ਬੀਤੀ ਰਾਤ ਇਨ੍ਹਾਂ ਉਪਾਵਾਂ ਦਾ ਐਲਾਨ ਕੀਤਾ। ਦਰਅਸਲ ਯੂਨੀਵਰਸਿਟੀ ਆਪਣੇ 100 ਮਿਲੀਅਨ ਡਾਲਰ ਤਕ ਦੇ ਖ਼ਰਚ ਘੱਟ ਕਰਨ ਦੀ ਕੋਸ਼ਿਸ਼ ਵਿੱਚ ਹੈ।

ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਨੂੰ ਇੰਟਰਨੈਸ਼ਨਲ ਸਟੱਡੀਜ਼ ਐਂਡ ਪਬਲਿਕ ਹੈਲਥ ਦੇ ਸਕੂਲਾਂ ਦੇ ਨਾਲ-ਨਾਲ ਬੰਦ ਕਰ ਦਿੱਤਾ ਜਾਵੇਗਾ, ਫੈਕਲਟੀ ਦੀ ਗਿਣਤੀ 24 ਤੋਂ ਘਟਾ ਕੇ 15 ਕਰ ਦਿੱਤੀ ਜਾਵੇਗੀ। ਬਿਜਨਸ ਅਤੇ ਕਾਨੂੰਨ ਦੀ ਫੈਕਲਟੀ ਨੂੰ ਵੀ ਇੱਕ ਨਵੀਂ ਫੈਕਲਟੀ ਵਿੱਚ ਜੋੜਿਆ ਜਾਵੇਗਾ। ਨਤੀਜੇ ਵਜੋਂ, 134 ਫੁੱਲ-ਟਾਈਮ ਸਟਾਫ ਆਪਣੀਆਂ ਨੌਕਰੀਆਂ ਗੁਆ ਦੇਣਗੇ, ਅਤੇ 1100 ਵਿਸ਼ਿਆਂ ਅਤੇ 167 ਕੋਰਸਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਹ ਪਹਿਲਾਂ ਪ੍ਰਸਤਾਵਿਤ ਨੌਕਰੀਆਂ ਦੇ ਨੁਕਸਾਨ ਤੋਂ ਘੱਟ ਹੈ ਜਿਸ ਦੀ ਗਿਣਤੀ 400 ਤੋਂ ਵੱਧ ਹੋਣ ਦੀ ਉਮੀਦ ਕੀਤੀ ਗਈ ਸੀ।

ਵਾਈਸ ਚਾਂਸਲਰ Andrew Parfitt ਨੇ ਇੱਕ ਬਿਆਨ ਵਿੱਚ ਕਿਹਾ, ‘‘ਸਾਡੇ ਰੈਵੀਨਿਊ ਦਾ ਮੁੱਖ ਸਰੋਤ, ਘਰੇਲੂ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸੀਮਤ ਕਰਨ ਵਾਲੀਆਂ ਨੀਤੀਗਤ ਰੁਕਾਵਟਾਂ ਕਾਰਨ ਸਾਨੂੰ ਆਪਣੇ ਖਰਚਿਆਂ ਨੂੰ ਘਟਾਉਣ ਲਈ ਮੁਸ਼ਕਲ ਵਿਕਲਪਾਂ ਦਾ ਸਾਹਮਣਾ ਕਰਨਾ ਪਿਆ ਹੈ।’’