ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਮੋਦੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਵੀਡੀਓ

ਮੈਲਬਰਨ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਨੂੰ ਸਾਰੇ ਵੱਡੇ ਦੇਸ਼ਾਂ ਦੇ ਮੁਖੀਆਂ ਵੱਲੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵੀ ਉਨ੍ਹਾਂ ਨੂੰ ਇਕ ਵੱਖਰੇ ਤਰੀਕੇ ਨਾਲ ਵਧਾਈ ਦਾ ਸੰਦੇਸ਼ ਭੇਜਿਆ ਹੈ। ਉਨ੍ਹਾਂ ਨੇ ਨਾ ਸਿਰਫ ਮੋਦੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ, ਬਲਕਿ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਮਾਣ ਵੀ ਜ਼ਾਹਰ ਕੀਤਾ ਅਤੇ ਕਿਹਾ ਕਿ ਉਹ ਜਲਦੀ ਹੀ ਮਿਲਣਗੇ।

ਅਲਬਾਨੀਜ਼ ਨੇ ਵੀਡੀਓ ‘ਚ ਕਿਹਾ, ‘‘ਮੇਰੇ ਦੋਸਤ ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਆਸਟ੍ਰੇਲੀਆ ਨੂੰ ਭਾਰਤ ਨਾਲ ਅਜਿਹੀ ਡੂੰਘੀ ਦੋਸਤੀ ’ਤੇ ਮਾਣ ਹੈ ਅਤੇ ਅਸੀਂ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਸ਼ਾਨਦਾਰ ਯੋਗਦਾਨ ਲਈ ਹਰ ਰੋਜ਼ ਧੰਨਵਾਦੀ ਹਾਂ। ਪ੍ਰਧਾਨ ਮੰਤਰੀ ਜੀ, ਮੈਂ ਤੁਹਾਨੂੰ ਜਲਦੀ ਮਿਲਣ ਅਤੇ ਦੋਸਤੀ ਅਤੇ ਤਰੱਕੀ ਦੇ ਹੋਰ ਕਈ ਸਾਲਾਂ ਦੀ ਉਡੀਕ ਕਰ ਰਿਹਾ ਹਾਂ।’’ ਵੇਖੋ ਵੀਡੀਓ

ਦੂਜੇ ਪਾਸੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਨੇ ਕਿਹਾ, ‘‘ਨਮਸਕਾਰ, ਮੇਰੇ ਦੋਸਤ ਪ੍ਰਧਾਨ ਮੰਤਰੀ ਮੋਦੀ। ਮੇਰੇ ਅਤੇ ਨਿਊਜ਼ੀਲੈਂਡ ਵਿੱਚ ਤੁਹਾਡੇ ਸਾਰੇ ਦੋਸਤਾਂ ਵੱਲੋਂ ਤੁਹਾਡੇ 75ਵੇਂ ਜਨਮਦਿਨ ’ਤੇ ਵਧਾਈ। ਤੁਸੀਂ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹੋ, ਜਿਸ ਵਿੱਚ ਨਿਊਜ਼ੀਲੈਂਡ ਤੁਹਾਡੇ ਨਾਲ ਹੈ। ਅਸੀਂ ਚਾਹੁੰਦੇ ਹਾਂ ਕਿ ਦੋਵਾਂ ਮਹਾਨ ਦੇਸ਼ਾਂ ਨੂੰ ਸੁਰੱਖਿਆ ਅਤੇ ਖੁਸ਼ਹਾਲੀ ਮਿਲੇ ਜਿਸ ਦੀ ਸਾਨੂੰ ਭਾਲ ਹੈ। ਮਾਰਚ ਵਿੱਚ ਜਿਸ ਗਰਮਜੋਸ਼ੀ ਨਾਲ ਤੁਸੀਂ ਮੇਰਾ ਸਵਾਗਤ ਕੀਤਾ ਉਸੇ ਤਰ੍ਹਾਂ ਮੈਂ ਨਿਊਜ਼ੀਲੈਂਡ ਵਿੱਚ ਤੁਹਾਡੀ ਮੇਜ਼ਬਾਨੀ ਕਰਨ ਦੀ ਕੋਸ਼ਿਸ਼ ਕਰਾਂਗਾ।’’ ਦੇਖੋ ਵੀਡੀਓ