ਮੈਲਬਰਨ : ਕੈਨਬਰਾ ਦੇ ਇੱਕ ਸ਼ਾਂਤ ਸਬਅਰਬ ਦੇ ਵਸਨੀਕ ਆਪਣੇ ਗੁਆਂਢ ’ਚ ਸਥਿਤ ਗੈਰਾਜ ਤੋਂ ਚਲਾਏ ਜਾ ਰਹੇ ਇੱਕ ਭਾਰਤੀ ਗਰੌਸਰੀ ਸਟੋਰ ਤੋਂ ਨਾਰਾਜ਼ ਹਨ ਜੋ ਦੇਰ ਰਾਤ ਤੱਕ ਖੁੱਲ੍ਹਾ ਰਹਿੰਦਾ ਹੈ। ਸ਼ਹਿਰ ਦੇ ਵੈਸਟਰਨ ਬਾਹਰਵਾਰ Wright ਦੇ ਨਵੇਂ ਬਣੇ ਸਬਅਰਬ ਵਿੱਚ ‘ਕੇਰਲਾ ਸਪਾਈਸਿਜ਼ ਸਟੋਰ’ 2023 ਤੋਂ ਸਿੰਗਲ-ਕਾਰ ਗੈਰੇਜ ਤੋਂ ਚਲ ਰਿਹਾ ਹੈ, ਅਤੇ ਛੋਟੀ ਜਿਹੀ ਜਗ੍ਹਾ ਵਿੱਚ ਭਰੀਆਂ ਅਲਮਾਰੀਆਂ ’ਤੇ ਤਾਜ਼ਾ, ਰੈਫ੍ਰਿਜਰੇਟਡ ਅਤੇ ਫਰੋਜ਼ਨ ਭੋਜਨ ਵੇਚਦਾ ਹੈ।
ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਟੋਰ ’ਤੇ ਗਾਹਕਾਂ ਦਾ ਨਿਰੰਤਰ ਪ੍ਰਵਾਹ ਅਤੇ ਉਨ੍ਹਾਂ ਦੀਆਂ ਗ਼ਲਤ ਪਾਰਕਿੰਗ ਦੀਆਂ ਆਦਤਾਂ ਗੁਆਂਢੀਆਂ ਲਈ ਪ੍ਰੇਸ਼ਾਨੀ ਪੈਦਾ ਕਰ ਰਹੀਆਂ ਹਨ, ਅਤੇ ਡਰ ਹੈ ਕਿ ਮਾਲ ਪਹੁੰਚਾਉਣ ਵਾਲੇ ਟਰੱਕ ਫੁੱਟਪਾਥ ’ਤੇ ਪਰਿਵਾਰਾਂ ਅਤੇ ਬੱਚਿਆਂ ਲਈ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਹਨ।
ਪਰ Lincy Mathew ਜੋ ਆਪਣੇ ਪਤੀ ਨਾਲ ਸਟੋਰ ਚਲਾਉਂਦੇ ਹਨ, ਨੇ ਕਿਹਾ ਕਿ ਦੋਸ਼ ‘ਝੂਠੇ ਅਤੇ ਬੇਬੁਨਿਆਦ’ ਹਨ ਅਤੇ ਕਾਰੋਬਾਰ ਕਾਨੂੰਨ ਦੇ ਅੰਦਰ ਚੱਲ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਇੱਕ ਕਾਨੂੰਨੀ ਘਰ-ਅਧਾਰਤ ਕਾਰੋਬਾਰ ਹਾਂ, ਜੋ ਹੁਣ ਢਾਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਸਾਡੇ ਕੋਲ ਇੱਕ ABN ਹੈ ਅਤੇ ਸਥਾਨਕ ਕੌਂਸਲ ਤੋਂ ਮਨਜ਼ੂਰੀ ਵੀ ਹੈ।’’ ਉਨ੍ਹਾਂ ਮੰਨਿਆ ਕਿ ਟਰੱਕ ਉਨ੍ਹਾਂ ਦੇ ਸਟੋਰ ਲਈ ਸਾਮਾਨ ਉਤਾਰਦੇ ਸਮੇਂ ਸੜਕ ’ਤੇ ਖੜ੍ਹੇ ਹੁੰਦੇ ਹਨ, ਪਰ ਬਹੁਤ ਘੱਟ ਸਮੇਂ ਲਈ ਅਤੇ ਉਹ ਵੀ ਦੇਰ ਸ਼ਾਮ ਨੂੰ।
ਹਾਲਾਂਕਿ Dr Prasad Abeyrathne, ਜੋ ਸਟੋਰ ਵਾਲੀ ਗਲੀ ’ਤੇ ਰਹਿੰਦੇ ਹਨ, ਨੇ ACT ਦੇ ਮੁੱਖ ਮੰਤਰੀ Andrew Barr ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ, ਜਿਸ ਮਗਰੋਂ ਸਰਕਾਰ ਦੀ ਮੰਤਰੀ Marisa Paterson ਨੇ ਇਸ ਮੁੱਦੇ ’ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਹੈ। ਕਈ ਹੋਰ ਵਸਨੀਕਾਂ ਨੇ ਵੀ ਸ਼ਿਕਾਇਤ ਦੇ ਪੱਤਰ ਲਿਖੇ ਹਨ, ਪਰ ਮਹਿਸੂਸ ਕਰਦੇ ਹਨ ਕਿ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।