ਮੈਲਬਰਨ : ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਦੋ ਟੋਰਨੇਡੋ ਝੱਲਣ ਤੋਂ ਬਾਅਦ ਨਿਊ ਸਾਊਥ ਵੇਲਜ਼ (NSW) ’ਚ ਆਮ ਜੀਵਨ ’ਤੇ ਬੁਰਾ ਅਸਰ ਪਿਆ ਹੈ। ਬਸੰਤ ਮੌਸਮ ਦੇ ਸ਼ੁਰੂ ਵਿੱਚ ਇਹ ਮੀਂਹ ਅਸਧਾਰਨ ਹੈ। ਸਿਡਨੀ ਵਿੱਚ ਤਾਂ 1879 ਤੋਂ ਬਾਅਦ ਸਤੰਬਰ ਮਹੀਨੇ ਲਈ ਸਭ ਤੋਂ ਜ਼ਿਆਦਾ, 122 ਮਿਲੀਮੀਟਰ, ਮੀਂਹ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ Randwick ਵਿੱਚ ਰਿਕਾਰਡ 146 ਮਿਲੀਮੀਟਰ, Ulladulla ਵਿੱਚ 145 ਮਿਲੀਮੀਟਰ, Kiama ਵਿੱਚ ਰਿਕਾਰਡ 132 ਮਿਲੀਮੀਟਰ, Bellambi ਵਿੱਚ 131 ਮਿਲੀਮੀਟਰ ਮੀਂਹ ਪਿਆ। ਫਲੈਸ਼ ਫਲੱਡ ਕਾਰਨ Randwick ਵਿੱਚ ਲਾਈਟ ਰੇਲ ਸੇਵਾਵਾਂ ਵਿੱਚ ਵਿਘਨ ਪਾਇਆ। Penrith ਵਿੱਚ ਇੱਕ ਘਰ ਦੀ ਛੱਤ ਡਿੱਗ ਗਈ। Wattamolla ਵਿੱਚ ਉਫ਼ਾਨ ’ਤੇ ਆਈਆਂ ਨਦੀਆਂ ਤੋਂ ਬੁਸ਼ਵਾਕਰਜ਼ ਨੂੰ ਬਚਾਇਆ ਗਿਆ।
ਸਿਡਨੀ ਦੇ ਤੱਟ ‘ਤੇ 9.6 ਮੀਟਰ ਤੱਕ ਦੀਆਂ ਲਹਿਰਾਂ ਵੇਖੀਆਂ ਗਈਆਂ। ਜ਼ਿਕਰਯੋਗ ਹੈ ਕਿ ਸਿਡਨੀ ਵਿੱਚ ਪਹਿਲਾਂ ਹੀ 2025 ਵਿੱਚ 1,540 ਮਿਲੀਮੀਟਰ ਮੀਂਹ ਪੈ ਹੋ ਚੁੱਕਿਆ ਹੈ, ਜੋ ਸਾਲਾਨਾ ਔਸਤ ਤੋਂ 300 ਮਿਲੀਮੀਟਰ ਵੱਧ ਹੈ। ਸਾਲ ਵਿੱਚ ਤਿੰਨ ਮਹੀਨੇ ਬਾਕੀ ਹੋਣ ਦੇ ਨਾਲ, 2025 ਸਿਡਨੀ ਦੇ ਸਭ ਤੋਂ ਗਿੱਲੇ ਸਾਲਾਂ ਵਿੱਚੋਂ ਇੱਕ ਬਣ ਸਕਦਾ ਹੈ।
ਦੋ ਟੋਰਨੇਡੋ ਵੇਖ ਕੇ ਲੋਕ ਹੈਰਾਨ
ਬੁੱਧਵਾਰ ਦੁਪਹਿਰ ਨੂੰ Caragabal ਅਤੇ Young ਦੇ ਨੌਰਥ-ਵੈਸਟ ’ਚ ਦੋ ਟੋਰਨੇਡੋ ਦੀ ਪੁਸ਼ਟੀ ਕੀਤੀ ਗਈ ਜਿਨ੍ਹਾਂ ਨੂੰ ਵੇਖ ਕੇ ਲੋਕ ਹੈਰਾਨ ਹਨ। Caragabal ’ਚ ਟੋਰਨੇਡੋ ਨੇ ਇੱਕ ਕਿਸਾਨ ਦਾ ਘਰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਭਾਵੇਂ ਆਸਟ੍ਰੇਲੀਆ ਵਿੱਚ ਹਰ ਸਾਲ 30-80 ਟੋਰਨੇਡੋ ਆਉਂਦੇ ਹਨ ਪਰ ਘੱਟ ਆਬਾਦੀ ਅਤੇ ਵਿਸ਼ਾਲ ਖੇਤਰ ਦੇ ਕਾਰਨ ਘੱਟ ਰਿਪੋਰਟ ਕੀਤੇ ਜਾਂਦੇ ਹਨ। ਕਲ ਆਏ ਟੋਰਨੇਡੋ ਦਾ ਕਾਰਨ ਉਚਾਈ ਦੇ ਨਾਲ ਦਿਸ਼ਾ ਤੇ ਗਤੀ ਬਦਲਣ ਵਾਲੀਆਂ ਤੇਜ਼ ਹਵਾਵਾਂ ਦੇ ਨਾਲ ਸਿੱਲ੍ਹੀ ਧਰਤੀ ਤੋਂ ਹਵਾ ਦੇ ਠੰਢੀਆਂ ਉਪਰਲੀਆਂ ਪਰਤਾਂ ਵਿੱਚ ਉੱਠਣਾ ਰਿਹਾ।