ਮੈਲਬਰਨ : ਕੁਈਨਜ਼ਲੈਂਡ ਵਿੱਚ ਝੂਠੀ ਬੰਬ ਧਮਕੀ ਕਾਰਨ ਬ੍ਰਿਸਬੇਨ ਦੇ ਇਸਲਾਮਿਕ ਕਾਲਜ ਅਤੇ ਗੋਲਡ ਕੋਸਟ ਦੀ ਅਰੁੰਡੇਲ ਮਸਜਿਦ ਨੂੰ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਖਾਲੀ ਕਰਵਾਉਣਾ ਪਿਆ। ਪੁਲਿਸ ਨੇ ਇਸ ਲਈ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ’ਤੇ ਝੂਠੀ ਬੰਬ ਧਮਕੀ ਦੇਣ, ਗੈਰਕਾਨੂੰਨੀ ਤੌਰ ’ਤੇ ਦਾਖ਼ਲਾ ਕਰਨ ਅਤੇ ਪੁਲਿਸ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ ਲਗਾਏ ਹਨ।
ਘਟਨਾ ਤੋਂ ਬਾਅਦ ਭਾਈਚਾਰੇ ਵਿੱਚ ਡਰ ਦਾ ਮਾਹੌਲ ਬਣ ਗਿਆ। ਸਥਾਨਕ ਮੁਸਲਿਮ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਾਕਿਆਂ ਨਾਲ ਇਸਲਾਮੋਫੋਬੀਆ (ਮੁਸਲਿਮਾਂ ਖ਼ਿਲਾਫ਼ ਨਫ਼ਰਤ) ਵੱਧ ਰਿਹਾ ਹੈ, ਜਿਸ ਉੱਤੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।
ਪਰਿਵਾਰਾਂ ਅਤੇ ਮਾਪਿਆਂ ਨੇ ਚਿੰਤਾ ਪ੍ਰਗਟਾਈ ਹੈ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਬੱਚਿਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਰਹੀਆਂ ਹਨ। ਸਕੂਲ ਅਤੇ ਮਸਜਿਦ ਦੇ ਪ੍ਰਬੰਧਕਾਂ ਨੇ ਪੁਲਿਸ ਨਾਲ ਮਿਲ ਕੇ ਸੁਰੱਖਿਆ ਦੇ ਇੰਤਜ਼ਾਮ ਹੋਰ ਸਖ਼ਤ ਕਰਨ ਦਾ ਐਲਾਨ ਕੀਤਾ ਹੈ।