ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ Albany ’ਚ 24 ਸਾਲ ਦੇ ਭਾਰਤੀ ਸਟੂਡੈਂਟ ਪਰਭਾਤ ਦੀ ਦੁਖਦਾਈ ਮੌਤ ਤੋਂ ਬਾਅਦ ਇਕਾਂਤਵਾਸ ਦਾ ਸਾਹਮਣਾ ਕਰ ਰਹੇ ਇੰਟਰਨੈਸ਼ਨਲ ਸਟੂਡੈਂਟਸ ਲਈ ਮਜ਼ਬੂਤ ਸਹਾਇਤਾ ਪ੍ਰਣਾਲੀ ਦੀ ਮੰਗ ਉੱਠੀ ਹੈ।
ਪਰਭਾਤ ਸ਼ੈੱਫ ਬਣਨ ਲਈ ਪੜ੍ਹਾਈ ਕਰ ਰਿਹਾ ਸੀ, ਪਰ 2023 ਵਿੱਚ ਇੱਕ ਹਮਲੇ ਤੋਂ ਬਾਅਦ ਇਕੱਲੇਪਣ, ਵਿੱਤੀ ਤਣਾਅ ਅਤੇ ਸਦਮੇ ਨਾਲ ਜੂਝਣ ਲਈ ਮਜਬੂਰ ਹੋ ਗਿਆ ਸੀ। ਸਟੂਡੈਂਟ ਸਰਵੀਸਿਜ਼ ਤੱਕ ਪਹੁੰਚ ਦੇ ਬਾਵਜੂਦ, ਉਸ ਦੇ ਪਰਿਵਾਰ ਦਾ ਮੰਨਣਾ ਹੈ ਕਿ ਸੰਸਥਾਗਤ ਸਹਾਇਤਾ ਨਾਕਾਫੀ ਸੀ। ਉਸ ਦੇ ਚਚੇਰੇ ਭਰਾ ਰਾਹੁਲ ਨੇ ABC ਨਿਊਜ਼ ਨਾਲ ਗੱਲਬਾਤ ਦੱਸਿਆ ਕਿ ਉਹ ਸਮਾਜਿਕ ਤੌਰ ’ਤੇ ਅਲੱਗ-ਥਲੱਗ ਹੋ ਗਿਆ, ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਅਤੇ ਆਖਰਕਾਰ ਉਸ ਨੂੰ ਕਾਲਜ ਤੋਂ ਬਰਖਾਸਤ ਕਰ ਦਿੱਤਾ ਗਿਆ, ਜਿਸ ਨਾਲ ਉਸ ਦਾ ਵੀਜ਼ਾ ਵੀ ਖਤਰੇ ਵਿੱਚ ਪੈ ਗਿਆ।
ਮਾਈਗਰੈਂਟ ਐਡਵੋਕੇਟ ਜ਼ੋਰ ਦਿੰਦੇ ਹਨ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਚੁੱਪਚਾਪ ਬਰਦਾਸ਼ਤ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਸੰਪਰਕ ਤੇ ਮਾਨਸਿਕ ਸਿਹਤ ਜਾਗਰੂਕਤਾ ਦੀ ਘਾਟ ਹੁੰਦੀ ਹੈ। ਕਮਿਊਨਿਟੀ ਲੀਡਰ ਆਸ਼ਾ ਭੱਟ ਅਤੇ ਖੋਜਕਰਤਾ Dr. Michelle Lim ਸੱਭਿਆਚਾਰਕ ਤੌਰ ’ਤੇ ਸੰਵੇਦਨਸ਼ੀਲ ਪਹੁੰਚ, ਇਕੱਲੇਪਣ ਨੂੰ ਦੂਰ ਕਰਨ ਅਤੇ ਪ੍ਰਵਾਸੀਆਂ ਲਈ ਸੁਰੱਖਿਅਤ ਸਥਾਨ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਨੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਦਾਖਲੇ ਵਧਾਉਣ ਦੀ ਬਜਾਏ ਇੰਟਰਨੈਸ਼ਨਲ ਸਟੂਡੈਂਟਸ ਦੀ ਭਲਾਈ ਲਈ ਵੀ ਕੰਮ ਕਰਨ।