ਮੈਲਬਰਨ : Maribyrnong ਦੇ ਮੇਅਰ Pradeep Tiwari ਨੇ ਸੈਨੇਟਰ Jacinta Price ਵੱਲੋਂ ਭਾਰਤੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਟਿੱਪਣੀਆਂ ਅਤੇ ਹਾਲ ਹੀ ਦੇ ਮਾਰਚਾਂ ਦੌਰਾਨ ਨਸਲੀ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਹੈ। Tiwari ਨੇ ਇਸ ਟਿੱਪਣੀ ਨੂੰ ‘ਸ਼ਰਮਨਾਕ’ ਅਤੇ ‘ਆਸਟ੍ਰੇਲੀਆਈ ਕਦਰਾਂ-ਕੀਮਤਾਂ ਦੇ ਵਿਰੁੱਧ’ ਕਰਾਰ ਦਿੰਦੇ ਹੋਏ ਆਸਟ੍ਰੇਲੀਆ ਨੂੰ ਸ਼ੁਰੂ ਤੋਂ ਹੀ ਇਕ ਮਾਣਮੱਤਾ ਬਹੁ-ਸੱਭਿਆਚਾਰਕ ਦੇਸ਼ ਕਰਾਰ ਦਿੱਤਾ।
ਮੈਡੀਸਨ, ਸਿੱਖਿਆ, ਲੌਜਿਸਟਿਕਸ ਅਤੇ ਕਮਿਊਨਿਟੀ ਸਰਵਿਸ ਵਰਗੇ ਖੇਤਰਾਂ ਵਿੱਚ ਭਾਰਤੀ ਆਸਟ੍ਰੇਲੀਆਈ ਲੋਕਾਂ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ Tiwari ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਵੱਡੇ ਪੱਧਰ ‘ਤੇ ਇਮੀਗ੍ਰੇਸ਼ਨ ਭਾਰਤੀ ਭਾਈਚਾਰੇ ਦੁਆਰਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੀ ਆਬਾਦੀ ਲਗਭਗ 9,16,000 ਹੈ, ਜੋ ਮਹੱਤਵਪੂਰਨ ਹੈ ਪਰ ਬਹੁਗਿਣਤੀ ਤੋਂ ਬਹੁਤ ਦੂਰ ਹੈ।
ਮੇਅਰ ਨੇ ਪ੍ਰਸਿੱਧ ਗੀਤ “I am, you are, we are Australian,” ਦਾ ਹਵਾਲਾ ਦਿੰਦੇ ਹੋਏ ਵੰਡੀਆਂ ਦੇ ਸਾਹਮਣੇ ਏਕਤਾ ਅਤੇ ਲਚਕੀਲੇਪਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਐਲਾਨ ਕੀਤਾ, ‘‘ਬਹੁ-ਸੱਭਿਆਚਾਰਵਾਦ ਸਿਰਫ ਇੱਕ ਵਿਚਾਰ ਨਹੀਂ ਹੈ; ਇਹ ਸਾਡੀ ਤਾਕਤ ਹੈ। ਨਸਲਵਾਦ ਦੀ ਇੱਥੇ ਕੋਈ ਜਗ੍ਹਾ ਨਹੀਂ ਹੈ। ਅਸੀਂ ਮਾਣ ਨਾਲ, ਇਕੱਠੇ ਅਤੇ ਅਟੱਲ ਖੜ੍ਹੇ ਹਾਂ।’’