ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਗਵਰਨਰ ਨੇ ਵਿਆਜ ਦਰਾਂ ’ਚ ਹੋਰ ਕਟੌਤੀ ਤੋਂ ਕੀਤਾ ਇਨਕਾਰ!

ਮੈਲਬਰਨ : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੀ ਗਵਰਨਰ ਮਿਸ਼ੇਲ ਬੁਲਾਕ ਨੇ ਸੰਕੇਤ ਦਿੱਤਾ ਹੈ ਕਿ ਨਜ਼ਦੀਕੀ ਭਵਿੱਖ ਵਿੱਚ ਵਿਆਜ ਦਰਾਂ ਵਿੱਚ ਹੋਰ ਕਟੌਤੀ ਕਰਨਾ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਘਰੇਲੂ ਖਰਚੇ ਹਾਲੇ ਵੀ ਮਜ਼ਬੂਤ ਪੱਧਰ ’ਤੇ ਬਣੇ ਹੋਏ ਹਨ।

ਵੀਰਵਾਰ ਨੂੰ ਬੋਲਦਿਆਂ, ਬੁਲਾਕ ਨੇ ਕਿਹਾ ਕਿ ਹਾਲੀਆ ਕਟੌਤੀਆਂ ਨੇ ਮਾਰਗੇਜ਼ ਹੋਲਡਰਾਂ ਨੂੰ ਕੁਝ ਰਾਹਤ ਦਿੱਤੀ ਹੈ ਅਤੇ ਭਰੋਸੇ ’ਚ ਵਾਧਾ ਕੀਤਾ ਹੈ। ਪਰ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਉਮੀਦ ਤੋਂ ਵੱਧ ਖਪਤ ਮਹਿੰਗਾਈ ’ਤੇ ਦਬਾਅ ਵਧਾ ਸਕਦੀ ਹੈ। “ਅਸੀਂ ਕੁਝ ਸੁਧਾਰ ਦੇ ਸੰਕੇਤ ਵੇਖ ਰਹੇ ਹਾਂ, ਪਰ ਘਰੇਲੂ ਮੰਗ ਹਾਲੇ ਵੀ ਮਜ਼ਬੂਤ ਹੈ। ਇਹ ਵਾਧਾ ਅਰਥਵਿਵਸਥਾ ਲਈ ਚੰਗਾ ਹੈ, ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਦਰਾਂ ਵਿੱਚ ਤੇਜ਼ੀ ਨਾਲ ਕਟੌਤੀ ਕਰ ਦਈਏ।

RBA ਇਸ ਸਾਲ ਕਈ ਵਾਰ ਦਰਾਂ ਵਿੱਚ ਕਟੌਤੀ ਕਰ ਚੁੱਕੀ ਹੈ, ਜਦਕਿ ਪਹਿਲਾਂ ਮਹਿੰਗਾਈ ’ਤੇ ਕਾਬੂ ਪਾਉਣ ਲਈ ਵਾਧੇ ਕੀਤੇ ਗਏ ਸਨ। ਅਰਥਸ਼ਾਸਤਰੀਆਂ ਨੂੰ ਹੋਰ ਕਟੌਤੀਆਂ ਦੀ ਉਮੀਦ ਸੀ, ਪਰ ਗਵਰਨਰ ਦੇ ਬਿਆਨ ਨੇ ਹੁਣ ਵਿਆਜ ਕਟੌਤੀਆਂ ’ਚ ਰਫ਼ਤਾਰ ਘਟਣ ਦੇ ਸੰਕੇਤ ਦੇ ਦਿੱਤੇ ਹਨ।

ਘਰੇਲੂ ਖਰਚ, ਖ਼ਾਸਕਰ ਰਿਟੇਲ ਅਤੇ ਹਾਊਸਿੰਗ ਖੇਤਰ ਵਿੱਚ, ਉਮੀਦਾਂ ਤੋਂ ਵੱਧ ਰਹੇ ਹਨ। ਮਾਹਿਰਾਂ ਮੁਤਾਬਕ, ਕੇਂਦਰੀ ਬੈਂਕ ਲਈ ਇਹ ਸੰਤੁਲਨ ਬਣਾਉਣਾ ਚੁਣੌਤੀ ਹੈ ਕਿ ਅਰਥਵਿਵਸਥਾ ਦੀ ਵਾਧੇ ਨੂੰ ਸਹਾਰਾ ਤਾਂ ਮਿਲੇ ਪਰ ਮਹਿੰਗਾਈ ਮੁੜ ਨਾ ਵਧੇ।

ਅਗਲੀ ਮਾਨੇਟਰੀ ਪਾਲਸੀ ਮੀਟਿੰਗ ’ਤੇ ਸਭ ਦੀ ਨਿਗਾਹ ਰਹੇਗੀ ਕਿ ਕੀ ਦਰਾਂ ਵਿੱਚ ਹੋਰ ਕਟੌਤੀ ਹੁੰਦੀ ਹੈ ਜਾਂ ਗਵਰਨਰ ਦੇ ਬਿਆਨ ਮੁਤਾਬਕ ਹੁਣ ਕੁੱਝ ਸਮੇਂ ਲਈ ਚੁੱਪ ਵੱਟੀ ਜਾਵੇਗੀ।