ਆਪਣੀ ਪਾਰਟੀ ’ਚ ਹੀ ਕਰਨਾ ਪੈ ਰਿਹਾ ਵਿਰੋਧ ਦਾ ਸਾਹਮਣਾ
ਮੈਲਬਰਨ : ਇੱਕ ਟੀ.ਵੀ਼. ਚੈਨਲ ਉੱਤੇ ਇੰਟਰਵਿਊ ਦੌਰਾਨ ਲਿਬਰਲ ਪਾਰਟੀ ਦੀ ਸੈਨੇਟਰ Jacinta Price ਦੀ ਹਾਲੀਆ ਟਿੱਪਣੀ ਦੀ ਪੂਰੇ ਆਸਟ੍ਰੇਲੀਆ ’ਚ ਤਿੱਖੀ ਨਿੰਦਾ ਹੋ ਰਹੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਆਸਟ੍ਰੇਲੀਆ ਸਰਕਾਰ ਲੇਬਰ ਪਾਰਟੀ ਦੀ ਵੋਟ ਵਧਾਉਣ ਲਈ ਵੱਡੀ ਗਿਣਤੀ ਵਿਚ ਭਾਰਤੀ ਮਾਈਗਰੈਂਟਸ ਨੂੰ ਸਵੀਕਾਰ ਕਰ ਰਹੀ ਹੈ। ਹਾਲਾਂਕਿ Price ਨੇ ਬਾਅਦ ਵਿਚ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਟਿੱਪਣੀ ਇਕ ਗਲਤੀ ਸੀ, ਪਰ ਉਨ੍ਹਾਂ ਦੀ ਆਪਣੀ ਪਾਰਟੀ ’ਚ ਵੀ ਇਸ ਟਿੱਪਣੀ ਦੀ ਨਿੰਦਾ ਹੋ ਰਹੀ ਹੈ। ਵਿਰੋਧੀ ਧਿਰ ਦੀ ਨੇਤਾ Sussan Ley ਅਤੇ Dave Sharma ਅਤੇ Julian Leeser ਸਮੇਤ ਹੋਰ ਸੀਨੀਅਰ ਲਿਬਰਲ ਲੀਡਰਾਂ ਨੇ ਜਨਤਕ ਤੌਰ ’ਤੇ Price ਦੇ ਦਾਅਵਿਆਂ ਤੋਂ ਦੂਰੀ ਬਣਾ ਲਈ ਹੈ ਅਤੇ ਆਸਟ੍ਰੇਲੀਆ ਵਿਚ ਭਾਰਤੀ ਮਾਈਗਰੈਂਟਸ ਦੇ ਕੀਮਤੀ ਯੋਗਦਾਨ ’ਤੇ ਜ਼ੋਰ ਦਿੱਤਾ ਹੈ।
ਇਹ ਵਿਵਾਦ ਇਮੀਗ੍ਰੇਸ਼ਨ ਪੱਧਰ ਨੂੰ ਲੈ ਕੇ ਹਾਲ ਹੀ ਵਿੱਚ ਹੋਈਆਂ ਰੈਲੀਆਂ ਤੋਂ ਬਾਅਦ ਸ਼ੁਰੂ ਹੋਇਆ ਅਤੇ ਇਸ ਨੇ ਭਾਰਤੀ-ਆਸਟ੍ਰੇਲੀਆਈ ਮੀਡੀਆ ਅਤੇ ਸੋਸ਼ਲ ਮੰਚਾਂ ’ਤੇ ਧਿਆਨ ਖਿੱਚਿਆ ਹੈ। ਲੇਬਰ ਸੰਸਦ ਮੈਂਬਰਾਂ ਨੇ ਇਸ ਟਿੱਪਣੀ ਨੂੰ ਵੰਡਪਾਊ ਅਤੇ ਨੁਕਸਾਨਦੇਹ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ, ਜਦੋਂ ਕਿ ਮਲਟੀਕਲਚਰਲ ਮਾਮਲਿਆਂ ਦੀ ਮੰਤਰੀ Anne Aly ਨੇ ਭਾਰਤੀ ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ।