ਮੈਲਬਰਨ : ਵਿਕਟੋਰੀਆ ਪੁਲਿਸ ਆਪਣੇ ਦੋ ਅਧਿਕਾਰੀਆਂ ਡਿਟੈਕਟਿਵ ਲੀਡਿੰਗ ਸੀਨੀਅਰ ਕਾਂਸਟੇਬਲ Neal Thompson ਅਤੇ ਸੀਨੀਅਰ ਕਾਂਸਟੇਬਲ Vadim De Waart ਦੀ ਵਿਕਟੋਰੀਆ ਦੇ Porepunkah ‘ਚ ਇਕ ਪੇਂਡੂ ਇਲਾਕੇ ‘ਚ ਗੋਲੀ ਮਾਰ ਕੇ ਕਤਲ ਕਰਨ ਦੇ ਜੁਰਮ ਵਿੱਚ ਕਥਿਤ ਬੰਦੂਕਧਾਰੀ Dezi Freeman (56) ਦੀ ਤਲਾਸ਼ ਕਰ ਰਹੀ ਹੈ। ਮੰਨਿਆ ਜਾਂਦਾ ਹੈ ਕਿ ਉਹ ਭਾਰੀ ਹਥਿਆਰਾਂ ਨਾਲ ਲੈਸ ਹੈ ਅਤੇ ਆਲੇ-ਦੁਆਲੇ ਦੇ ਜੰਗਲਾਂ ਤੋਂ ਜਾਣੂ ਹੈ, ਜਿਸ ਕਾਰਨ ਉਸ ਨੂੰ ਮਦਦ ਮਿਲ ਰਹੀ ਹੈ। ਪੁਲਿਸ Freeman ਨੂੰ ਇੱਕ ਸੈਕਸ ਅਪਰਾਧ ਲਈ ਵਾਰੰਟ ਦੇਣ ਗਈ ਸੀ ਜਦੋਂ ਉਨ੍ਹਾਂ ’ਤੇ ਗੋਲੀਬਾਰੀ ਹੋ ਗਈ। ਇੱਕ ਪੁਲਿਸ ਅਫ਼ਸਰ ਜ਼ਖ਼ਮੀ ਵੀ ਹੋ ਗਿਆ ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਠੰਢ ਅਤੇ ਮੀਂਹ ’ਚ Dezi Freeman ਦੀ ਤਲਾਸ਼ ਜਾਰੀ
Freeman ਕਥਿਤ ਤੌਰ ‘ਤੇ ਇੱਕ “ਖ਼ੁਦਮੁਖਤਿਆਰ ਨਾਗਰਿਕ” ਹੈ ਜੋ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕਰਦਾ। ਸ਼ਹਿਰ ਲਾਕਡਾਊਨ ਹੇਠ ਹੈ ਅਤੇ ਸਕੂਲ ਤੇ ਕਾਰੋਬਾਰ ਬੰਦ ਹਨ। ਭਾਰੀ ਮੀਂਹ ਕਾਰਨ ਤਲਾਸ਼ੀ ਦੀਆਂ ਕੋਸ਼ਿਸ਼ਾਂ ਵਿਚ ਰੁਕਾਵਟ ਆਈ ਹੈ। ਅਧਿਕਾਰੀਆਂ ਨੇ NSW ਪੁਲਿਸ ਅਤੇ ਫ਼ੈਡਰਲ ਏਜੰਸੀਆਂ ਦੀ ਸਹਾਇਤਾ ਨਾਲ ਹੈਲੀਕਾਪਟਰ, ਕੁੱਤਿਆਂ ਅਤੇ ਹਥਿਆਰਾਂ ਨਾਲ ਲੈਸ ਗੱਡੀਆਂ ਤਾਇਨਾਤ ਕੀਤੀਆਂ ਹਨ। Porepunkah ਉਪਰੋਂ ਹਵਾਈ ਉਡਾਨਾਂ ਦੇ ਲੰਘਣ ’ਤੇ ਵੀ ਪਾਬੰਦੀ ਹੈ।
ਉਧਰ ਮਾਰੇ ਗਏ ਅਧਿਕਾਰੀਆਂ ਦੇ ਸਨਮਾਨ ਵਿੱਚ ਮੈਲਬਰਨ ਦੇ ਇਤਿਹਾਸਕ ਸਥਾਨਾਂ ਅਤੇ ਖੇਤਰੀ ਇਮਾਰਤਾਂ ਨੂੰ ਨੀਲੇ ਰੰਗ ਨਾਲ ਜਗਾਇਆ ਜਾ ਰਿਹਾ ਹੈ। Thompson ਰਿਟਾਇਰਮੈਂਟ ਦੇ ਨੇੜੇ ਸੀ, ਜਦੋਂ ਕਿ De Waart ਇੱਕ ਬਹੁਭਾਸ਼ੀ ਯਾਤਰੀ ਅਤੇ ਸਾਹਸੀ ਖੇਡਾਂ ਦਾ ਸ਼ੌਕੀਨ ਸੀ। ਭਾਈਚਾਰਾ ਡੂੰਘੇ ਦੁੱਖ ਵਿੱਚ ਹੈ, ਅਤੇ ਪ੍ਰਭਾਵਿਤ ਪਰਿਵਾਰਾਂ ਅਤੇ ਵਿਦਿਆਰਥੀਆਂ ਲਈ ਸਹਾਇਤਾ ਸੇਵਾਵਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।