ਆਸਟ੍ਰੇਲੀਆ ਵਿੱਚ ਵਿਆਜ ਦਰਾਂ ’ਚ ਕਟੌਤੀ : ਆਰਥਿਕਤਾ, ਕਰਜ਼ ਲੈਣ ਦੀ ਸਮਰੱਥਾ ਅਤੇ ਰੀਅਲ ਅਸਟੇਟ ਮਾਰਕੀਟ ’ਤੇ ਇਸ ਦਾ ਅਸਰ !

ਮੈਲਬਰਨ (ਤਰਨਦੀਪ ਬਿਲਾਸਪੁਰ) : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ 12 ਅਗਸਤ 2025 ਨੂੰ ਆਫ਼ਿਸ਼ੀਅਲ ਕੈਸ਼ ਰੇਟ (OCR) 0.25 ਪ੍ਰਤੀਸ਼ਤ ਅੰਕ ਘਟਾ ਕੇ 3.6% ਕਰ ਦਿੱਤੀ। ਪਿਛਲੇ ਛੇ ਮਹੀਨਿਆਂ ’ਚ ਤੀਜੀ ਵਾਰ ਵਿਆਜ ਦਰ ਘਟਾਈ ਗਈ ਹੈ। ਫ਼ੈਸਲੇ ਦਾ ਮਕਸਦ ਘਰੇਲੂ ਕਰਜ਼ ਲੈਣ ਵਾਲਿਆਂ ਨੂੰ ਰਾਹਤ ਦੇਣਾ ਅਤੇ ਹੌਲੀ ਹੋ ਰਹੀ ਮਹਿੰਗਾਈ ਤੇ ਆਰਥਿਕ ਵਾਧੇ ਨਾਲ ਜੁੜੀਆਂ ਚਿੰਤਾਵਾਂ ਦਾ ਹੱਲ ਲੱਭਣਾ ਹੈ।

  • ਆਰਥਿਕ ਅਸਰ (Economic Impact)
    ਘੱਟ ਵਿਆਜ ਦਰਾਂ ਨਾਲ ਘਰ ਮਾਲਕਾਂ ਦੀ ਮਹੀਨਾਵਾਰ ਕਿਸ਼ਤ ਘਟੇਗੀ। ਉਦਾਹਰਨ ਲਈ, 7 ਲੱਖ ਡਾਲਰ ਦੇ ਘਰ ਦੇ ਕਰਜ਼ ’ਤੇ ਸਾਲਾਨਾ ਲਗਭਗ $1,100 ਦੀ ਬਚਤ ਹੋ ਸਕਦੀ ਹੈ। ਘਰੇਲੂ ਆਮਦਨੀ ਵਿੱਚ ਵਾਧੂ ਰਾਹਤ ਨਾਲ ਖਪਤਕਾਰਾਂ ਦਾ ਖ਼ਰਚ ਕਰਨ ਦਾ ਵਿਸ਼ਵਾਸ ਵੀ ਵਧ ਸਕਦਾ ਹੈ। ਹਾਲਾਂਕਿ, RBA ਨੇ ਦੱਸਿਆ ਹੈ ਕਿ ਉਤਪਾਦਕਤਾ ਦੀ ਵਾਧੂ ਦਰ ਕੇਵਲ 0.7% ਰਹਿਣ ਦੀ ਹੀ ਸੰਭਾਵਨਾ ਹੈ, ਜੋ ਲੰਬੇ ਸਮੇਂ ਵਿੱਚ ਲਾਈਫ ਸਟਾਈਲ ’ਤੇ ਦਬਾਅ ਪਾ ਸਕਦੀ ਹੈ।
  • ਕਰਜ਼ ਲੈਣ ਦੀ ਸਮਰੱਥਾ ’ਤੇ ਅਸਰ
    ਜਦੋਂ ਵਿਆਜ ਦਰਾਂ ਘਟਦੀਆਂ ਹਨ, ਬੈਂਕ ਕਰਜ਼ ਦੀ ਅਦਾਇਗੀ ਦੀ ਸਮਰੱਥਾ ਦੀ ਗਿਣਤੀ ਵਿੱਚ ਵੀ ਵਾਧਾ ਹੋ ਜਾਂਦਾ ਹੈ। ਇਸ ਨਾਲ ਖਰੀਦਦਾਰਾਂ ਦੀ Borrowing Capacity ਵਧਦੀ ਹੈ, ਜਿਸ ਦਾ ਮਤਲਬ ਹੈ ਕਿ ਉਹ ਪਹਿਲਾਂ ਨਾਲੋਂ ਵੱਧ ਰਕਮ ਦਾ ਕਰਜ਼ ਲੈ ਕੇ ਵੱਧ ਕੀਮਤ ਵਾਲਾ ਘਰ ਖਰੀਦ ਸਕਦੇ ਹਨ।
    ਉਦਾਹਰਨ: ਜੇ ਕਿਸੇ ਪਰਿਵਾਰ ਦੀ ਮਹੀਨਾਵਾਰ ਭੁਗਤਾਨ ਸਮਰੱਥਾ $3,000 ਹੈ, ਤਾਂ 3.85% ਵਿਆਜ ਦਰ ’ਤੇ ਉਹ ਲਗਭਗ $620,000 ਦਾ ਕਰਜ਼ ਲੈ ਸਕਦੇ ਹਨ। ਪਰ 3.60% ਵਿਆਜ ਦਰ ’ਤੇ ਇਹ ਸਮਰੱਥਾ ਵੱਧ ਕੇ $640,000–$650,000 ਤੱਕ ਪਹੁੰਚ ਸਕਦੀ ਹੈ।
    ਭਾਵੇਂ ਕਿ OCR ਰੇਟ ਬੈਂਕਾਂ ਨੂੰ ਇਕੱਠੇ ਪੈਸੇ ਜਾਰੀ ਕਰਨ ਦੀ ਦਰ ਹੈ। ਬੈਂਕ ਅੱਗੇ ਆਪਣਾ ਮੁਨਾਫਾ ਤੇ ਖਰਚੇ ਜੋੜ ਕੇ ਆਪਣਾ ਰੇਟ ਤੈਅ ਕਰਦੇ ਹਨ।
  • ਰੀਅਲ ਇਸਟੇਟ ਮਾਰਕੀਟ ’ਤੇ ਅਸਰ
    ਘੱਟ ਵਿਆਜ ਦਰਾਂ ਅਤੇ ਵਧੀ ਕਰਜ਼ ਸਮਰੱਥਾ ਨਾਲ ਮਾਰਕੀਟ ਵਿੱਚ ਖਰੀਦਦਾਰਾਂ ਦੀ ਗਿਣਤੀ ਵੱਧ ਸਕਦੀ ਹੈ। ਇਸ ਵਧਦੀ ਮੰਗ ਨਾਲ ਕੁਝ ਖੇਤਰਾਂ ਵਿੱਚ ਘਰਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਵੀ ਹੈ। ਨਿਵੇਸ਼ਕਾਂ ਲਈ ਵੀ ਵਧੀਆ ਕੈਸ਼ ਫਲੋ ਦੇ ਮੌਕੇ ਬਣ ਸਕਦੇ ਹਨ, ਜਿਸ ਨਾਲ ਰਿਹਾਇਸ਼ੀ ਤੇ ਵਪਾਰਕ ਦੋਵੇਂ ਖੇਤਰਾਂ ਵਿੱਚ ਸਰਗਰਮੀ ਵਧ ਸਕਦੀ ਹੈ।
  • ਤੱਤ-ਸਾਰ
    ਇਹ OCR ਕਟੌਤੀ ਥੋੜ੍ਹੇ ਸਮੇਂ ਲਈ ਘਰੇਲੂ ਆਰਥਿਕਤਾ ਨੂੰ ਰਾਹਤ ਦੇਣ, ਕਰਜ਼ ਲੈਣ ਦੀ ਸਮਰੱਥਾ ਵਧਾਉਣ ਅਤੇ ਰੀਅਲ ਇਸਟੇਟ ਮਾਰਕੀਟ ਵਿੱਚ ਰੁਚੀ ਵਧਾਉਣ ਵਿੱਚ ਮਦਦ ਕਰੇਗੀ। ਪਰ ਉਤਪਾਦਕਤਾ ਦੀ ਕਮੀ ਲੰਬੇ ਸਮੇਂ ਵਿੱਚ ਟਿਕਾਊ ਵਾਧੇ ਲਈ ਅਜੇ ਵੀ ਵੱਡੀ ਚੁਣੌਤੀ ਬਣੀ ਰਹੇਗੀ।