ਪੰਜਾਬ ਕਿਤਾਬ ਘਰ ਮੈਲਬਰਨ ਵਿਖੇ ਤਿੰਨ ਕਿਤਾਬਾਂ ਦਾ ਲੋਕ ਅਰਪਣ

ਡਾ. ਨਿਰਮਲ ਜੌੜਾ, ਮਨਪ੍ਰੀਤ ਟਿਵਾਣਾ ਤੇ ਲਾਭ ਸਿੰਘ ਉੱਗੋਕੇ ਦੇ ਰਚਨਾ ਸੰਸਾਰ ’ਤੇ ਹੋਈ ਚਰਚਾ

ਮੈਲਬਰਨ : ਪਿਛਲੇ ਕਈ ਸਾਲਾਂ ਤੋਂ ਪੰਜਾਬੀ ਸਾਹਿਤ ਨੂੰ ਆਸਟ੍ਰੇਲੀਆ ‘ਚ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਪੰਜਾਬ ਕਿਤਾਬ ਘਰ, ਮੈਲਬਰਨ ਵਿਖੇ sea7australia ਦੇ ਸਹਿਯੋਗ ਨਾਲ ਪ੍ਰੀਤਮ ਪ੍ਰਕਾਸ਼ਨ ਮਹਿਲ ਕਲਾਂ ਦੇ ਬਾਨੀ ਸਵ: ਪ੍ਰੀਤਮ ਸਿੰਘ ਦਰਦੀ ਨੂੰ ਸਮਰਪਿਤ ਕਰਵਾਏ ਗਏ ਪੁਸਤਕ ਲੋਕ ਅਰਪਣ ਪ੍ਰੋਗਰਾਮ ਦੌਰਾਨ ਪ੍ਰਸਿੱਧ ਰੰਗਮੰਚ ਨਿਰਦੇਸ਼, ਰੰਗਕਰਮੀ ਨਿਰਮਲ ਜੌੜਾ, ਪ੍ਰਸਿੱਧ ਪੰਜਾਬੀ ਗੀਤਕਾਰ ਮਨਪ੍ਰੀਤ ਟਿਵਾਣਾ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।

ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿਕਾਰ ਪ੍ਰੋ: ਬਲਵਿੰਦਰ ਸਿੰਘ ਚਹਿਲ ਨੇ ਨਿਰਮਲ ਜੌੜਾ, ਮਨਪ੍ਰੀਤ ਟਿਵਾਣਾ, ਲਾਭ ਸਿੰਘ ਉੱਗੋਕੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਸੱਤ ਸਮੁੰਦਰੋਂ ਲੋਕ ਅਰਪਣ ਹੋਣੀਆਂ ਸ਼ੁਭ ਸ਼ਗਨ ਹੈ। ਉਨ੍ਹਾਂ ਕਿਹਾ, ‘‘ਅੱਜ ਦੇ ਪ੍ਰੋਗਰਾਮ ਲਈ ਪੰਜਾਬ ਕਿਤਾਬ ਘਰ ਅਤੇ sea7australia ਦੀ ਟੀਮ ਵਧਾਈ ਦੀ ਪਾਤਰ ਹੈ।’’

ਉੱਘੇ ਪੱਤਰਕਾਰ ਅਵਤਾਰ ਸਿੰਘ ਟਹਿਣਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ, ਸ਼ਾਨਾਮੱਤੇ ਇਤਿਹਾਸ ਨਾਲ ਜੋੜੀ ਰੱਖਣ ਲਈ ਅਜਿਹੇ ਉਪਰਾਲੇ ਹੋਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕੀਤੀ ਕਿ ਅੱਜ ਆਸਟ੍ਰੇਲੀਆ ‘ਚ ਜਾਰੀ ਕੀਤੀਆਂ ਗਈਆਂ ਕਿਤਾਬਾਂ ਨੌਜਵਾਨ ਪੀੜ੍ਹੀ ਲਈ ਮਾਰਗਦਰਸ਼ਕ ਸਾਬਤ ਹੋਣਗੀਆਂ।

 

ਪੰਜਾਬ ਕਿਤਾਬ ਘਰ, ਮੈਲਬਰਨ ਵਿਖੇ ਨਿਰਮਲ ਜੌੜਾ, ਲਾਭ ਸਿੰਘ ਉੱਗੋਕੇ, ਮਨਪ੍ਰੀਤ ਟਿਵਾਣਾ ਦੀਆਂ ਪੁਸਤਕਾਂ ਲੋਕ ਅਰਪਣ ਕਰਦੇ ਹੋਏ ਮਾ: ਬਲਵਿੰਦਰ ਸਿੰਘ ਚਹਿਲ, ਤਰਨਦੀਪ ਬਿਲਾਸਪੁਰ, ਗੁਰਪ੍ਰੀਤ ਸਿੰਘ ਅਣਖੀ, ਅਵਤਾਰ ਸਿੰਘ ਟਹਿਣਾ ਆਦਿ।

 

ਉੱਘੇ ਪੱਤਰਕਾਰ ਤਰਨਦੀਪ ਸਿੰਘ ਬਿਲਾਸਪੁਰ ਕਿਹਾ ਕਿ ਡਾ. ਨਿਰਮਲ ਜੌੜਾ ਨੇ ਆਪਣੀ ਪੁਸਤਕ ‘ਲੌਕਡਾਊਨ’ ‘ਚ ਕਰੋਨਾ ਲਾਕਡਾਊਨ ਵਰਗੇ ਵਰਤਾਰੇ ਨੂੰ ਸਾਂਭਣ ਦਾ ਯਤਨ ਕੀਤਾ ਹੈ, ਇਹ ਪੁਸਤਕ ਨਕਾਰਤਮਿਤ ਸਮੇਂ ਵਿੱਚ ਸਕਾਰਤਮਿਕਤਾ ਦੀ ਊਰਜਾ ਭਰਨ ‘ਚ ਸਹਾਈ ਹੋਣ ਦੇ ਨਾਲ-ਨਾਲ ਇਸ ਸਭ ਨੂੰ ਦਹਾਕਿਆਂ ਬਾਅਦ ਸਮਝਣ ਲਈ ਅਹਿਮ ਦਸਤਾਵੇਜ਼ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰੀਤਮ ਪ੍ਰਕਾਸ਼ਨ ਦੇ ਬਾਨੀ ਪ੍ਰੀਤਮ ਸਿੰਘ ਦਰਦੀ ਵਲੋਂ ਮਹਿਲ ਕਲਾਂ ਤੋਂ ਲਗਾਇਆ ਗਿਆ ਬੂਟਾ ਅੱਜ ਇੱਥੇ ਪੰਜਾਬ ਕਿਤਾਬ ਘਰ ਦੇ ਰੂਪ ‘ਚ ਵਧ ਫੁੱਲ ਕੇ ਪੰਜਾਬੀ ਸਾਹਿਤ ਦਾ ਚਾਨਣ ਵੰਡ ਰਿਹਾ ਹੈ।

ਪ੍ਰੀਤਮ ਪ੍ਰਕਾਸ਼ਨ ਦੇ ਸੰਚਲਕ ਗੁਰਪ੍ਰੀਤ ਸਿੰਘ ਅਣਖੀ ਨੇ ਕਿਹਾ ਕਿ ਪੰਜਾਬੀ ਦੇ ਸਥਾਪਿਤ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਆਪਣੀ ਕਿਤਾਬ ‘ਕਾਫ਼ਲੇ ਵਾਲੇ’ ਜ਼ਰੀਏ ਪੰਜਾਬ ਦੀ ਜਵਾਨੀ, ਕਿਸਾਨੀ, ਆਪਸੀ ਰਿਸ਼ਤਿਆਂ ਸਬੰਧੀ ਆਪਣੀਆਂ ਮਕਬੂਲ ਰਚਨਾਵਾਂ ਨੂੰ ਇਕ ਕਿਤਾਬੀ ਰੂਪ ਦੇ ਕੇ ਪਾਠਕਾਂ ਦੀ ਝੋਲੀ ਪਾਇਆ ਹੈ, ਵਿਧਾਇਕ ਲਾਭ ਸਿੰਘ ਉੱਗੋਕੇ ਨੇ ‘ਤੂੰ ਇਕ ਦੀਵਾ ਬਣ’ ਜਾਰੀਏ ਆਪਣੇ ਇਕ ਮਜ਼ਦੂਰ ਪਰਿਵਾਰ ’ਚੋਂ ਉੱਠ ਕੇ ਵਿਧਾਇਕ ਬਣਨ ਤੱਕ ਜ਼ਿੰਦਗੀ ਦੇ ਉਤਰਾਵਾਂ-ਚੜ੍ਹਾਵਾਂ, ਪੰਜਾਬ ਦੇ ਪਾਣੀਆਂ ਅਤੇ ਹੋਰ ਦਰਪੇਸ਼ ਮੁਸ਼ਕਲਾਂ ਨੂੰ ਸਬੰਧੀ ਆਪਣੇ ਫ਼ਿਕਰ ਨੂੰ ਬਿਆਨਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਸਿੱਧ ਕਿਤਾਬ ‘ਮਿਲਾਂਗੇ ਜ਼ਰੂਰ’ ਦੇ ਲੇਖਕ ਪ੍ਰੀਤ ਕੰਵਲ ਨੇ ਆਪਣੀਆਂ ਰਚਨਾਵਾਂ ਜ਼ਰੀਏ ਇਸ ਪ੍ਰੋਗਰਾਮ ‘ਚ ਹਾਜ਼ਰੀ ਲਵਾਈ।

ਪੰਜਾਬ ਕਿਤਾਬ ਘਰ ਦੇ ਪ੍ਰਬੰਧਕ ਜਗਦੀਪ ਸਿੰਘ ਅਣਖੀ ਨੇ ਪ੍ਰੋਗਰਾਮ ਦੀ ਸਫ਼ਲਤਾ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ‘ਚ ਅਜਿਹੇ ਉਪਰਾਲੇ ਜਾਰੀ ਰਹਿਣਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪੰਜਾਬੀ ਸਾਹਿਤ ਦੇ ਇਸ ਕਾਫ਼ਲੇ ਨਾਲ ਜੋੜਿਆ ਜਾਵੇਗਾ। ਇਸ ਸਮੇਂ ਧਰਵਿੰਦਰ ਸਿੰਘ, ਜਗਦੀਪ ਸਿੰਘ ਅਣਖੀ, ਬੀਬੀ ਰਮਨਦੀਪ ਕੌਰ, ਬੀਬੀ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।