ਆਸਟ੍ਰੇਲੀਆ ਨੇ T20I ਮੈਚਾਂ ਵਿੱਚ ਦਰਜ ਕੀਤੀ ਆਪਣੀ ਸਭ ਤੋਂ ਲੰਮੀ ਜੇਤੂ ਲੜੀ

ਮੈਲਬਰਨ : ਟਿਮ ਡੇਵਿਡ ਦੀ ਜ਼ੋਰਦਾਰ ਪਾਰੀ ਦੇ ਦਮ ’ਤੇ ਐਤਵਾਰ, 10 ਅਗਸਤ ਨੂੰ ਆਸਟ੍ਰੇਲੀਆ ਨੇ ਸਾਊਥ ਅਫ਼ਰੀਕਾ ਨੂੰ ਤਿੰਨ ਮੈਚਾਂ ਦੀ T20I ਸੀਰੀਜ਼ ਦੇ ਪਹਿਲੇ ਮੁਕਾਬਲੇ ’ਚ 17 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਬਣਾਈ। ਇਸ ਜਿੱਤ ਨਾਲ ਆਸਟ੍ਰੇਲੀਆ ਨੇ ਕ੍ਰਿਕੇਟ ਦੇ ਸਭ ਤੋਂ ਛੋਟੇ ਫਾਰਮੈਟ ’ਚ ਆਪਣੀ ਸਭ ਤੋਂ ਵੱਡੀ ਜੇਤੂ ਲੜੀ ਦਾ ਵੀ ਰਿਕਾਰਡ ਬਣਾਇਆ।

ਆਸਟ੍ਰੇਲੀਆ ਨੇ ਇਹ ਲਾਗਾਤਾਰ 9ਵਾਂ T20I ਮੁਕਾਬਲਾ ਜਿੱਤਿਆ ਹੈ। ਇਸ ਜੇਤੂ ਲੜੀ ਦੀ ਸ਼ੁਰੂਆਤ ਪਾਕਿਸਤਾਨ ਖ਼ਿਲਾਫ਼ ਨਵੰਬਰ 2024 ਵਿੱਚ ਸ਼ੁਰੂ ਹੋਈ ਸੀ। ਪਾਕਿਸਤਾਨ ਨੂੰ 3-0 ਨਾਲ ਦਰੜਨ ਮਗਰੋਂ ਆਸਟ੍ਰੇਲੀਆ ਨੇ ਵੈਸਟ ਇੰਡੀਜ਼ ਦਾ 5-0 ਨਾਲ ਸਫ਼ਾਇਆ ਕੀਤਾ ਅਤੇ ਹੁਣ ਸਾਊਥ ਅਫ਼ਰੀਕਾ ਖ਼ਿਲਾਫ਼ ਆਪਣਾ ਲਗਾਤਾਰ 9ਵਾਂ ਮੈਚ ਜਿੱਤਿਆ।

ਹਾਲਾਂਕਿ ਆਸਟ੍ਰੇਲੀਆ ਅਜੇ ਵੀ ਸਭ ਤੋਂ ਲੰਮੀ ਜੇਤੂ ਲੜੀ ਦੇ ਮਾਮਲੇ ’ਚ ਭਾਰਤ ਅਤੇ ਅਫ਼ਗਾਨਿਸਤਾਨ ਨੂੰ ਨਹੀਂ ਪਛਾੜ ਸਕਿਆ ਹੈ, ਦੋਹਾਂ ਕੋਲ ਲਗਾਤਾਰ 12-12 ਮੈਚ ਜਿੱਤਣ ਦਾ ਰਿਕਾਰਡ ਹੈ। ਜੇਕਰ T20I ’ਚ ਸਭ ਤੋਂ ਲੰਮੀ ਜੇਤੂ ਲਡੀ ਦੇ ਵਿਸ਼ਵ ਰਿਕਾਰਡ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਯੁਗਾਂਡਾ ਦੇ ਨਾਮ ਹੈ ਜਿਨ੍ਹਾਂ ਨੇ ਅਜੇ ਤਕ ਲਗਾਤਾਰ 17 ਮੈਚ ਜਿੱਤੇ ਹਨ ਅਤੇ ਉਸ ਦੀ ਇਹ ਜੇਤੂ ਲੜੀ ਅਜੇ ਵੀ ਨਹੀਂ ਟੁੱਟੀ ਹੈ।